ਸਾਇਰਾ (ਜੋ ਕਿ ਉਸਦਾ ਅਸਲੀ ਨਾਮ ਨਹੀਂ ਹੈ) ਆਸਟ੍ਰੇਲੀਆ ਆਉਣ ਤੋਂ ਪਹਿਲਾਂ ਹੀ ਜਾਣਦੀ ਸੀ ਕਿ ਉਸਦੇ ਪਤੀ ਨਾਲ ਉਸਦੇ ਰਿਸ਼ਤੇ ਖਰਾਬ ਸਨ।
ਪਰ ਉਸ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਉਸ ਦੇ ਪਤੀ ਵਲੋਂ ਉਸ ਨਾਲ ਜੋ ਵਿੱਤੀ, ਭਾਵਨਾਤਮਕ ਅਤੇ ਜਿਨਸੀ ਦੁਰਵਿਵਹਾਰ ਕੀਤਾ ਜਾਂਦਾ ਸੀ, ਉਸ ਨੂੰ 'ਐਬਿਊਜ਼' ਮੰਨਿਆ ਜਾਂਦਾ ਹੈ।
ਵਿਦੇਸ਼ ਵਿੱਚ ਬਿਨਾਂ ਨੌਕਰੀ ਤੋਂ ਰਹਿ ਰਹੀ ਸਾਇਰਾ ਦਾ ਪਤੀ ਉਸਦੀ ਹਰ ਹਰਕਤ 'ਤੇ ਨਿਗਰਾਨੀ ਰੱਖਦਾ ਸੀ।
ਪਰ ਆਪਣੇ ਵੀਜ਼ੇ ਤੇ ਹੋਏ ਖਰਚੇ ਕਾਰਨ ਅਤੇ ਇਸ ਡਰ ਕਾਰਨ ਕਿ ਭਾਰਤ ਵਿਚ ਉਸਦਾ ਪਰਿਵਾਰ ਉਸ ਨੂੰ ਰਿਸ਼ਤੇ ਦੇ ਟੁੱਟਣ ਲਈ ਜ਼ਿੰਮੇਵਾਰ ਠਹਿਰਾਵੇਗਾ, ਸਾਇਰਾ ਨੇ ਆਪਣੇ ਰਿਸ਼ਤੇ ਨੂੰ ਬਿਹਤਰ ਬਨਾਉਣ ਦਾ ਫੈਸਲਾ ਕੀਤਾ ਅਤੇ ਆਪਣੇ ਪਤੀ ਨਾਲ ਰਿਸ਼ਤਾ ਬਚਾਉਣ ਦੀ ਕੋਸ਼ਿਸ਼ ਕਰਦੀ ਰਹੀ ।
ਇੱਕ ਸਮੇਂ 'ਤੇ ਆਕੇ ਉਸਦੇ ਪਤੀ ਨੇ ਉਸਦੇ ਖਾਣ-ਪਾਨ 'ਤੇ ਪਾਬੰਦੀ ਲਗਾਉਣੀ ਸ਼ੁਰੂ ਕਰ ਦਿੱਤੀ ਅਤੇ ਬੈਂਕ ਦੇ ਸਾਂਝੇ ਖਾਤੇ ਵਿੱਚੋਂ ਸਾਰੇ ਪੈਸੇ ਕਢਵਾ ਲਏ।
ਸਾਇਰਾ ਨੇ ਪੁਲਿਸ ਨੂੰ ਫੋਨ ਕੀਤਾ ਅਤੇ ਪੁਲਿਸ ਨੂੰ ਉਸ ਦੇ ਪਤੀ ਨੂੰ ਚੇਤਾਵਨੀ ਦੇਣ ਲਈ ਕਿਹਾ, ਪਰ ਪੁਲਿਸ ਸਥਿਤੀ ਦਾ ਜਾਇਜ਼ਾ ਲੈਣ ਲਈ ਉਸਦੇ ਘਰ ਨਹੀਂ ਆਈ ਅਤੇ ਚਾਰ ਘੰਟਿਆਂ ਬਾਅਦ ਉਸਨੂੰ ਵਾਪਿਸ ਫੋਨ ਕੀਤਾ।
ਇੰਨ੍ਹਾ ਦੋ ਕਾਲਾਂ ਦੇ ਵਿਚਕਾਰ, ਉਸਦੀ ਅਤੇ ਉਸਦੇ ਪਤੀ ਦੀ ਹੱਥੋਪਾਈ ਹੋਈ ਅਤੇ ਉਸਦੇ ਪਤੀ ਨੇ ਘਰੇਲੂ ਹਿੰਸਾ ਦਾ ਸ਼ਿਕਾਰ ਹੋਣ ਦਾ ਦਾਅਵਾ ਕਰਦੇ ਹੋਏ ਸਾਇਰਾ ਖਿਲਾਫ ਪੁਲਿਸ ਰਿਪੋਰਟ ਦਰਜ ਕਰਵਾਈ।
ਡਾ: ਏਲਨ ਰੀਵਜ਼ ਮੋਨਾਸ਼ ਲਿੰਗ ਅਤੇ ਪਰਿਵਾਰਕ ਹਿੰਸਾ ਰੋਕਥਾਮ ਕੇਂਦਰ ਦੇ ਨਾਲ ਇੱਕ ਪੋਸਟ-ਡਾਕਟੋਰਲ ਰਿਸਰਚ ਫੈਲੋ ਹੈ।
ਉਹ ਕਹਿੰਦੀ ਹੈ ਕਿ ਪਰਿਵਾਰਕ ਅਤੇ ਘਰੇਲੂ ਹਿੰਸਾ ਦੇ ਮਾਮਲਿਆਂ ਵਿੱਚ ਪ੍ਰਮੁੱਖ ਹਮਲਾਵਰ ਵਜੋਂ ਪੀੜਤ ਦੀ ਗਲਤ ਪਛਾਣ ਹੋਣਾ ਅਸਾਧਾਰਨ ਨਹੀਂ ਹੈ।
ਉਨ੍ਹਾਂ ਅਨੁਸਾਰ ਕੁਝ ਸਮੂਹਾਂ ਵਿੱਚ ਪੀੜਤ ਦੀ ਹਮਲਾਵਰ ਵਜੋਂ ਪਹਿਚਾਣ ਹੋਣ ਦੀ ਸੰਭਾਵਨਾ ਜ਼ਿਆਦਾ ਹੈ।
ਸ਼ਰਨਾਰਥੀ ਅਤੇ ਪ੍ਰਵਾਸੀ ਪਿਛੋਕੜ ਵਾਲੀਆਂ ਔਰਤਾਂ ਦੀ ਮਦਦ ਕਰਨ ਵਾਲੇ ਇਨਟਚ ਮਲਟੀਕਲਚਰਲ ਸੈਂਟਰ ਅਗੇਂਸਟ ਫੈਮਿਲੀ ਵਾਇਲੈਂਸ ਦਾ ਇੱਕ ਤਾਜ਼ਾ ਮੁਲਾਂਕਣ ਦਰਸਾਉਂਦਾ ਹੈ ਕਿ ਉਨ੍ਹਾਂ ਦੇ ਇੱਕ ਤਿਹਾਈ ਗਾਹਕਾਂ ਨੂੰ ਅਪਰਾਧੀ ਵਜੋਂ ਗਲਤ ਤੌਰ 'ਤੇ ਪਛਾਣਿਆ ਗਿਆ ਹੈ।
ਮੁੱਖ ਕਾਰਜਕਾਰੀ ਮਿਹਲ ਮੌਰਿਸ ਦਾ ਕਹਿਣਾ ਹੈ ਕਿ ਇੱਕ ਕਾਰਕ ਜੋ ਗਲਤ ਪਛਾਣ ਦਾ ਕਾਰਨ ਬਣ ਸਕਦਾ ਹੈ ਉਹ ਇਹ ਹੈ ਜਦੋਂ ਬਿਨਾਂ ਕਿਸੇ ਦੁਭਾਸ਼ੀਏ ਦੇ ਇੱਕ ਪ੍ਰਭਾਵਿਤ ਜੋੜੇ ਦੀ ਇੰਟਰਵਿਊ ਕੀਤੀ ਜਾਂਦੀ ਹੈ।
ਸ੍ਰੀਮਤੀ ਮੌਰਿਸ ਦਾ ਕਹਿਣਾ ਹੈ ਕਿ ਇੱਕ ਹੋਰ ਮੁੱਦਾ ਪੁਲਿਸ ਵਿੱਚ ਸੱਭਿਆਚਾਰਕ ਜਾਗਰੂਕਤਾ ਦੀ ਘਾਟ ਹੈ।
ਉਹ ਕਹਿੰਦੀ ਹੈ ਕਿ ਪੀੜਤ ਪੁਲਿਸ ਨਾਲ ਆਪਣੇ ਹਾਲਾਤਾਂ ਦਾ ਕਿੰਨਾ ਕੁ ਖੁਲਾਸਾ ਕਰਨਾ ਚੁਣਦੇ ਹਨ, ਇਹ ਵੀ ਪੀੜਤ ਦੀ ਇੱਕ ਗਲਤ ਪਛਾਣ ਕਰਨ ਦਾ ਕਾਰਕ ਹੋ ਸਕਦਾ ਹੈ।
ਡਾ: ਐਲਨ ਰੀਵਜ਼ ਦਾ ਕਹਿਣਾ ਹੈ ਕਿ ਗਲਤ ਪਛਾਣ ਦੇ ਨਤੀਜੇ ਵਿਆਪਕ ਅਤੇ ਜੀਵਨ-ਬਦਲਣ ਵਾਲੇ ਹਨ, ਕੁਝ ਪੀੜਤ ਆਪਣੇ ਬੱਚਿਆਂ ਦੀ ਦੇਖਭਾਲ ਦੇ ਅਧਿਕਾਰਾਂ ਨੂੰ ਗੁਆ ਦਿੰਦੇ ਹਨ ਜਾਂ ਵੀਜ਼ਾ ਸਮੱਸਿਆਵਾਂ ਨਾਲ ਜੂਝਦੇ ਹਨ। ਉਹ ਕਹਿੰਦੀ ਹੈ ਕਿ ਇਹ ਲੋਕ ਅਕਸਰ ਨਿਆਂ ਪ੍ਰਣਾਲੀ ਵਿੱਚ ਵੀ ਵਿਸ਼ਵਾਸ ਗੁਆ ਦਿੰਦੇ ਹਨ।
2016 ਵਿੱਚ ਵਿਕਟੋਰੀਆ ਦੇ ਰਾਇਲ ਕਮਿਸ਼ਨ ਦੀਆਂ ਪਰਿਵਾਰਕ ਹਿੰਸਾ ਦੀਆਂ ਸਿਫ਼ਾਰਿਸ਼ਾਂ ਵਿੱਚੋਂ ਇੱਕ ਇਹ ਸੀ ਕਿ ਪੁਲਿਸ ਨੂੰ ਇਹ ਪਛਾਣ ਕਰਨ ਲਈ ਬਿਹਤਰ ਮਾਰਗਦਰਸ਼ਨ ਦਿੱਤਾ ਜਾਵੇ ਕਿ ਪ੍ਰਮੁੱਖ ਹਮਲਾਵਰ ਕੌਣ ਹੈ ਅਤੇ ਕੌਣ 'ਵਿਕਟਿਮ-ਸਰਵਾਈਵਰ' ਹੈ।
ਡਾ ਰੀਵਜ਼ ਦਾ ਕਹਿਣਾ ਹੈ ਕਿ ਇਸ ਦੇ ਲਾਗੂ ਹੋਣ ਤੋਂ ਬਾਅਦ ਵੀ, ਖੋਜ ਦਰਸਾਉਂਦੀ ਹੈ ਕਿ ਅਸਲ ਵਿੱਚ ਕੁਝ ਖਾਸ ਨਹੀਂ ਬਦਲਿਆ ਹੈ। ਉਹ ਕੁਝ ਸੁਧਾਰਾਂ ਬਾਰੇ ਵੀ ਦੱਸਦੀ ਹੈ।
ਡਾ ਰੀਵਜ਼ ਦਾ ਕਹਿਣਾ ਹੈ ਕਿ ਹੋਰ ਅਧਿਕਾਰ ਖੇਤਰਾਂ ਵਿੱਚ ਵੀ ਸੁਧਾਰ ਦੇ ਸਕਾਰਾਤਮਕ ਸੰਕੇਤ ਹਨ, ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਜ਼ਬਰਦਸਤੀ ਨਿਯੰਤਰਣ ਨੂੰ ਅਪਰਾਧਿਕ ਬਣਾਉਣ ਦੇ ਕਦਮ ਵਿੱਚ ਗਲਤ ਪਛਾਣੇ ਜਾਂਦੇ ਪੀੜਤਾਂ ਨੂੰ ਵੀ ਧਿਆਨ 'ਚ ਰੱਖ ਰਹੇ ਹਨ।
ਲੌਰੇਨ ਕੈਲੋਵੇ ਵਿਕਟੋਰੀਆ ਪੁਲਿਸ ਦੀ ਪਰਿਵਾਰਕ ਹਿੰਸਾ ਲਈ ਸਹਾਇਕ ਕਮਿਸ਼ਨਰ ਹੈ।
ਉਹ ਇੱਕ ਬਿਆਨ ਵਿੱਚ ਕਹਿੰਦੀ ਹੈ ਕਿ ਬਹੁਤ ਸਾਰੀਆਂ ਪਰਿਵਾਰਕ ਹਿੰਸਾ ਦੀਆਂ ਘਟਨਾਵਾਂ ਦੀ ਗਤੀਸ਼ੀਲ ਪ੍ਰਕਿਰਤੀ ਨੂੰ ਦੇਖਦੇ ਹੋਏ, ਪੂਰੀ ਕਹਾਣੀ ਨੂੰ ਸਮਝਣ ਲਈ ਪੁਲਿਸ ਦਾ ਨੇੜਿਓਂ ਜਾਂਚ ਕਰਨਾ ਮਹੱਤਵਪੂਰਨ ਹੈ
ਇਨਟਚ ਤੋਂ ਇੱਕ ਤਾਜ਼ਾ ਸਥਿਤੀ ਪੇਪਰ,ਪੰਜ ਪ੍ਰਣਾਲੀਗਤ ਤਬਦੀਲੀਆਂ ਦੀ ਰੂਪਰੇਖਾ ਦਿੰਦਾ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਗਲਤ ਪਛਾਣ ਨੂੰ ਘਟਾਉਣ ਲਈ ਵਿਕਟੋਰੀਆ ਵਿੱਚ ਲੋੜੀਂਦਾ ਕਦਮ ਚੁੱਕੇ ਜਾਣ ਦੀ ਲੋੜ ਹੈ।
ਮਿਹਲ ਮੌਰਿਸ ਦਾ ਕਹਿਣਾ ਹੈ ਕਿ ਉਹ ਵੱਡੇ ਪੱਧਰ 'ਤੇ ਪ੍ਰਵਾਸੀ ਅਤੇ ਸ਼ਰਨਾਰਥੀ ਪਿਛੋਕੜ ਵਾਲੇ 'ਵਿਕਟਿਮ-ਸਰਵਾਈਵਰ' ਦੀਆਂ ਸੱਭਿਆਚਾਰਕ ਅਤੇ ਭਾਸ਼ਾਈ ਰੁਕਾਵਟਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਉਹ ਕਹਿੰਦੀ ਹੈ ਕਿ ਜਿੱਥੇ ਕਿਸੇ ਕੇਸ ਵਿੱਚ ਜੋਖਮ ਵਾਲੇ ਸਮੂਹ ਵਿੱਚੋਂ ਕੋਈ ਵਿਅਕਤੀ ਸ਼ਾਮਲ ਹੁੰਦਾ ਹੈ, ਜਿੱਥੇ ਸੱਭਿਆਚਾਰਕ ਅਤੇ ਭਾਸ਼ਾ ਵਿਤਕਰੇ ਕਾਰਣ, ਸਮਝਣ ਵਿੱਚ ਗਲਤੀ ਹੋ ਸਕਦੀ ਹੈ ਸਕਦੀ ਤਾਂ ਜਾਂਚ ਵਿੱਚ ਪਹਿਲਾਂ ਹੀ ਵਾਧੂ ਕਦਮ ਚੁੱਕੇ ਜਾਣੇ ਚਾਹੀਦੇ ਹਨ।
ਸਾਇਰਾ ਦੀ ਪ੍ਰਮੁੱਖ ਹਮਲਾਵਰ ਵਜੋਂ ਦਰਜ ਕੀਤੀ ਗਈ ਸਥਿਤੀ ਨੂੰ ਆਖਰਕਾਰ ਛੇ ਸਾਲਾਂ ਬਾਅਦ ਉਲਟਾ ਦਿੱਤਾ ਗਿਆ। 6 ਸਾਲ ਤੱਕ ਆਪਣੇ ਨਾਲ ਹੋਏ ਵਿਵਹਾਰ ਨੂੰ ਲੈਕੇ ਉਹ ਨਿਰਾਸ਼ ਹੈ ।
ਪਰ ਇਸ ਸਭ ਨੇ ਉਸਦੇ ਆਸਟਰੇਲੀਆ ਵਾਪਸ ਜਾਣ ਦੇ ਵਿਚਾਰ ਨੂੰ ਨਹੀਂ ਰੋਕਿਆ।
ਪੂਰੀ ਰਿਪੋਰਟ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ।