ਖੇਤੀਬਾੜੀ ਸੈਕਟਰ ਪ੍ਰਵਾਸੀਆਂ ਤੇ ਬਹੁਤ ਨਿਰਭਰ ਰਹਿੰਦਾ ਹੈ ਕਿਓਂਕਿ ਕੁੱਲ ਕਾਮਿਆਂ ਵਿੱਚੋਂ ਤਕਰੀਬਨ 80 ਪ੍ਰਤੀਸ਼ਤ ਪਰਵਾਸੀ ਕਾਮੇ ਵਾਢੀ ਸਮੇਂ ਇਸ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਪਾਉਂਦੇ ਹਨ।
ਪਰ ਮਾਰਚ ਤੋਂ ਕੋਰੋਨਾਵਾਇਰਸ ਕਾਰਣ ਆਵਾਜਾਈ ਉੱਤੇ ਲਗੀਆਂ ਦੁਨੀਆਂ ਦੀਆਂ ਸੱਬ ਤੋਂ ਸਖ਼ਤ ਆਵਾਜਾਈ ਪਬੰਦੀਆਂ ਕਾਰਨ ਆਸਟ੍ਰੇਲੀਆ ਦੇ ਕਿਸਾਨਾਂ ਨੂੰ ਕਾਮਿਆਂ ਦੀ ਘਾਟ ਕਾਰਨ ਡਾਢੇ ਹਲਾਤਾਂ ਨੂੰ ਝੱਲਣਾ ਪੈ ਰਿਹਾ ਹੈ।
ਖੇਤੀਬਾੜੀ ਮੰਤਰੀ ਡੇਵਿਡ ਲਿਟਲਪਰਾਉਡ ਨੇ ਕਿਹਾ ਕਿ ਬਹੁਤ ਸਾਰੇ ਖ਼ੇਤਰਾਂ ਵਿੱਚ ਇਸ ਸਾਲ ਚੰਗੀ ਫ਼ਸਲ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ ਪਰ ਪ੍ਰਵਾਸ ਪਬੰਦੀਆਂ ਕਾਰਨ ਲੋੜੀਂਦੇ ਕਾਮੇ ਉਪਲੱਬਧ ਨਹੀਂ ਹਨ ਜੋ ਕਿ ਕਿਸਾਨਾਂ ਦੀ ਚਿੰਤਾ ਦਾ ਵੱਡਾ ਕਾਰਨ ਹੈ।
ਇਸੇ ਕਾਰਨ ਖੇਤੀਬਾੜੀ ਸੈਕਟਰ ਵਿਚ ਕੰਮ ਕਰ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹੁਣ ਵਾਧੂ ਘੰਟੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਕਾਮੇ ਲੱਭਣ ਲਈ ਸੰਘਰਸ਼ ਕਰ ਰਹੇ ਆਸਟ੍ਰੇਲੀਅਨ ਕਿਸਾਨਾਂ ਦੀ ਪੀੜ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਨੇ ਇਹ ਅਸਥਾਈ ਤਬਦੀਲੀਆਂ ਲਾਗੂ ਕਰਣ ਦਾ ਫ਼ੈਸਲਾ ਕੀਤਾ ਹੈ।
ਇਮੀਗ੍ਰੇਸ਼ਨ ਮੰਤਰੀ ਐਲੈਕਸ ਹਾਕ ਨੇ ਕਿਹਾ ਕਿ ਇਨ੍ਹਾਂ ਤਬਦੀਲੀਆਂ ਅਧੀਨ ਅਸਥਾਈ ਵੀਜ਼ਾ ਧਾਰਕਾਂ ਲਈ ਪੈਣਡੈਮਿਕ ਈਵੈਂਟ ਵੀਜ਼ਾ (ਸਬਕਲਾਸ 408) ਪ੍ਰਾਪਤ ਕਰਨਾ ਵੀ ਅਸਾਨ ਹੋ ਜਾਵੇਗਾ । ਅਪ੍ਰੈਲ 2020 ਤੋਂ ਹੁਣ ਤੱਕ ਖ਼ੇਤੀ ਸੈਕਟਰ ਦੀ ਸਹਾਇਤਾ ਕਰਣ ਲਈ ਸਬਕਲਾਸ 408 ਸ਼੍ਰੇਣੀ ਅਧੀਨ 5600 ਤੋਂ ਵੱਧ ਵੀਜ਼ੇ ਗ੍ਰਾੰਟ ਕੀਤੇ ਜਾ ਚੁੱਕੇ ਹਨ।
ਖੇਤੀਬਾੜੀ ਖੇਤਰ ਵਿੱਚ ਰੁਜ਼ਗਾਰ ਪ੍ਰਾਪਤ ਕਰਨ ਵਾਲਿਆਂ ਤੋਂ ਇਲਾਵਾ ਬਜ਼ੁਰਗਾਂ ਦੀ ਦੇਖ਼ਭਾਲ, ਨੈਸ਼ਨਲ ਡਿਸਅਬਿਲਿਟੀ ਇੰਸ਼ੋਰੈਂਸ ਸਕੀਮ ਜਾਂ ਹੈਲਥਕੇਅਰ ਨਾਲ ਜੁੜੇ ਵਿਦਿਆਰਥੀਆਂ ਨੂੰ ਵੀ ਵਾਧੂ ਘੰਟੇ ਕੰਮ ਕਰਣ ਦੀ ਇਜ਼ਾਜਤ ਪ੍ਰਦਾਨ ਕੀਤੀ ਗਈ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ