ਆਸਟ੍ਰੇਲੀਆ ਦੇ ਰਾਜਾਂ ਅਤੇ ਪ੍ਰਦੇਸ਼ਾਂ ਲਈ ਸਕਿਲਡ ਨਾਮਜ਼ਦ (ਸਬਕਲਾਸ 190) ਅਤੇ ਸਕਿਲਡ ਰੀਜਨਲ ਸਪਾਂਸਰਡ (ਸਬਕਲਾਸ 491) ਵੀਜ਼ਾ ਸ਼੍ਰੇਣੀਆਂ ਲਈ ਬਾਕੀ ਨਿਰਧਾਰਤ ਥਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ।
ਵਿਕਟੋਰੀਅਨ ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ ਉਹ ਆਪਣਾ ਸਕਿਲਡ ਪ੍ਰੋਗਰਾਮ 5 ਜਨਵਰੀ 2021 ਨੂੰ ਦੁਬਾਰਾ ਸ਼ੁਰੂ ਕਰਣ ਜਾ ਰਹੀ ਹੈ। ਨਵੀਆਂ ਐਲਾਨੀਆਂ ਤਬਦੀਲੀਆਂ ਵਿੱਚ ਵਿਕਟੋਰੀਆ ਨੂੰ ਸਬਕਲਾਸ 190 ਲਈ 1900 ਵਾਧੂ ਸਥਾਨ ਮਿਲੇ ਹਨ ਅਤੇ ਸਬਕਲਾਸ 491 ਲਈ 843 ਹੋਰ ਥਾਂਵਾਂ ਪ੍ਰਾਪਤ ਹੋਈਆਂ ਹਨ ਹਾਲਾਂਕਿ ਪ੍ਰੋਗਰਾਮ ਦੀਆਂ ਯੋਗਤਾ ਮਾਪਦੰਡਾਂ ਵਿੱਚ ਬਦਲਾਵ ਲਿਆਂਦਾ ਜਾ ਰਿਹਾ ਹੈ।
ਰਾਜ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸਿਹਤ, ਮੈਡੀਕਲ ਖੋਜ, ਜੀਵਨ ਵਿਗਿਆਨ, ਖੇਤੀ-ਭੋਜਨ ਜਾਂ ਡਿਜੀਟਲ ਖੇਤਰਾਂ ਵਿੱਚ ਉੱਚ-ਕੁਸ਼ਲ ਬਿਨੈਕਾਰਾਂ ਨੂੰ ਹੀ ਸੱਦੇ ਜਾਰੀ ਕੀਤੇ ਜਾਣਗੇ।
ਨਿਊ ਸਾਊਥ ਵੇਲਸ ਨੂੰ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਵਧੇਰੇ ਸਥਾਨ ਪ੍ਰਾਪਤ ਹੋਏ ਹਨ। ਇਸ ਸਾਲ ਰਾਜ ਲਈ ਕੁੱਲ 6,350 ਸਥਾਨ ਜਾਰੀ ਕੀਤੇ ਗਏ ਹਨ, ਜੋ 2019-20 ਨਾਲੋਂ 600 ਸਥਾਨ ਵੱਧ ਹਨ। ਰਾਜ ਦੇ ਨਾਜ਼ੁਕ ਖੇਤਰਾਂ ਵਿੱਚ ਕੰਮ ਕਰ ਰਹੇ ਬਿਨੈਕਾਰਾਂ ਨੂੰ ਨਾਮਜ਼ਦਗੀ ਲਈ ਤਰਜੀਹ ਦਿੱਤੀ ਜਾਵੇਗੀ।
ਕੁਈਨਸਲੈਂਡ ਰਾਜ ਨੇ ਆਪਣਾ ਸਕਿਲਡ ਪ੍ਰੋਗਰਾਮ ਅਗਲੇ ਨੋਟਿਸ ਤੱਕ ਮੁਅੱਤਲ ਕਰ ਦਿੱਤਾ ਹੈ। ਹਾਲਾਂਕਿ ਰਾਜ ਲਈ ਵਾਧੂ ਥਾਂਵਾਂ ਐਲਾਨੀਆਂ ਗਇਆਂ ਹਨ ਪਰ ਰਾਜ ਨੇ ਪਹਿਲਾਂ 29 ਸਤੰਬਰ ਤੋਂ 5 ਅਕਤੂਬਰ ਦੇ ਵਿਚਕਾਰ ਪ੍ਰਾਪਤ ਹੋਈਆਂ ਅਰਜ਼ੀਆਂ ਦਾ ਬੈਕਲਾਗ ਘਟਾਉਣ ਨੂੰ ਤਰਜੀਹ ਦੇਣ ਦਾ ਫ਼ੈਸਲਾ ਕੀਤਾ ਹੈ।
ਤਸਮਾਨੀਆ ਵਲੋਂ ਵੀ ਜਨਵਰੀ ਦੇ ਅਖੀਰ ਵਿੱਚ ਆਪਣਾ ਸਕਿਲਡ ਪ੍ਰੋਗਰਾਮ ਦੁਬਾਰਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਦੱਖਣੀ ਆਸਟ੍ਰੇਲੀਆ ਅਤੇ ਪੱਛਮੀ ਆਸਟ੍ਰੇਲੀਆ ਨੂੰ ਪਿਛਲੇ ਸਾਲਾਂ ਨਾਲੋਂ ਘੱਟ ਅਲਾਟਮੈਂਟ ਮਿਲੀ ਹੈ। ਦੱਖਣੀ ਆਸਟ੍ਰੇਲੀਆ ਵਿੱਚ ਇਨ੍ਹਾਂ ਅਲਾਟਮੈਂਟਸ ਵਿੱਚ 20 ਪ੍ਰਤੀਸ਼ਤ ਦੀ ਕਮੀ ਆਈ ਹੈ ਅਤੇ ਪੱਛਮੀ ਆਸਟ੍ਰੇਲੀਆ ਨੂੰ ਕੇਵਲ 1440 ਸਥਾਨ ਪ੍ਰਾਪਤ ਹੋਏ ਹਨ ਜੋ ਕਿ ਪਿਛਲੇ ਸਾਲ ਦੀ ਅਲਾਟਮੈਂਟ ਨਾਲੋਂ 1800 ਸਥਾਨ ਘੱਟ ਹਨ।
ਨੋਰਧਰਨ ਟੈਰੀਟੋਰੀ ਅਤੇ ਏ ਸੀ ਟੀ ਰਾਜ ਨੇ ਆਪਣਾ ਸਕਿਲਡ ਵੀਜ਼ਾ ਪ੍ਰੋਗਰਾਮ ਫ਼ਿਲਹਾਲ ਮੁਅੱਤਲ ਰੱਖਣ ਦਾ ਫ਼ੈਸਲਾ ਕੀਤਾ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।