ਪ੍ਰਵਾਸ ਨਿਯਮਾਂ ਵਿੱਚ ਇੱਕ ਮਹੱਤਵਪੂਰਣ ਤਬਦੀਲੀ ਅਨੁਸਾਰ ਉਨ੍ਹਾਂ ਬਿਨੈਕਾਰਾਂ ਲਈ ਸਬਕਲਾਸ 485 ਅਧੀਨ ਪ੍ਰਾਇਮਰੀ ਬਿਨੈਕਾਰ ਵਜੋਂ ਅਰਜ਼ੀ ਦੇਣਾ ਹੁਣ ਸੰਭਵ ਨਹੀਂ ਹੋਵੇਗਾ ਜੋ ਪਹਿਲਾਂ ਹੀ ਇੱਕ ਡਿਪੈਂਡੈਂਟ ਦੇ ਤੌਰ 'ਤੇ ਇਸ ਸ਼੍ਰੇਣੀ ਅਧੀਨ ਅਸਥਾਈ ਗ੍ਰੈਜੂਏਟ ਵੀਜ਼ਾ ਲਗਵਾ ਚੁੱਕੇ ਹਨ।
ਇਸ ਤਬਦੀਲੀ ਨਾਲ਼ ਸੈਂਕੜੇ ਤਾਜ਼ਾ ਗ੍ਰੈਜੂਏਟ ਅਤੇ ਉਨ੍ਹਾਂ ਦੇ ਪਰਿਵਾਰ ਪ੍ਰਭਾਵਿਤ ਹੋ ਸਕਦੇ ਹਨ। ਇਨ੍ਹਾਂ ਵੀਜ਼ਾ ਧਾਰਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਇਹ ਤਬਦੀਲੀ ਬਹੁਤ "ਹੈਰਾਨ ਕਰਨ ਵਾਲੀ ਅਤੇ ਨਿਰਾਸ਼ਾਜਨਕ" ਹੈ।
ਪਿਛਲੇ ਮਾਪਦੰਡਾਂ ਅਨੁਸਾਰ ਇੱਕ ਸਬਕਲਾਸ 485 ਪ੍ਰਾਇਮਰੀ ਵੀਜ਼ਾ ਧਾਰਕ ਇਸ ਵੀਜ਼ਾ ਸ਼੍ਰੇਣੀ ਅਧੀਨ ਪ੍ਰਾਇਮਰੀ ਬਿਨੈਕਾਰ ਵਜੋਂ ਇੱਕ ਹੋਰ ਵੀਜ਼ਾ ਅਰਜ਼ੀ ਨਹੀਂ ਦੇ ਸਕਦਾ ਸੀ ਪਰ ਉਨ੍ਹਾਂ ਦੇ ਡਿਪੈਂਡੈਂਟ ਇਹ ਅਰਜ਼ੀ ਪਾ ਕੇ ਆਸਟ੍ਰੇਲੀਆ ਵਿੱਚ ਆਪਣਾ ਨਿਵਾਸ ਅਰਸਾ ਵਧਾ ਸਕਦੇ ਸਨ।
ਇਸ ਤਬਦੀਲੀ ਨੇ ਬਹੁਤ ਸਾਰੇ ਮੌਜੂਦਾ ਵੀਜ਼ਾ ਧਾਰਕਾਂ ਅਤੇ ਸੰਭਾਵਿਤ ਅਸਥਾਈ ਗ੍ਰੈਜੂਏਟ ਵੀਜ਼ਾ ਬਿਨੈਕਾਰਾਂ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ ਜਿਨ੍ਹਾਂ ਨੇ ਆਪਣੀ ਡਿਗਰੀ ਪੂਰੀ ਕਰਨ ਤੋਂ ਬਾਅਦ ਆਸਟ੍ਰੇਲੀਆ ਵਿੱਚ ਆਪਣੀ ਰਿਹਾਇਸ਼ ਵਧਾਉਣ ਲਈ ਇਸ ਮਾਰਗ ਦੀ ਵਰਤੋਂ ਕਰਨ ਦੀ ਯੋਜਨਾ ਬਣਾਈ ਸੀ।
ਐਡੀਲੇਡ ਸਥਿਤ ਮਾਈਗ੍ਰੇਸ਼ਨ ਏਜੰਟ ਮਾਰਕ ਗਲਾਜ਼ਬਰੁਕ ਨੇ ਕਿਹਾ ਕਿ ਇਸ ਤਬਦੀਲੀ ਲਈ ਇਸ ਤੋਂ “ਮਾੜਾ ਸਮਾਂ” ਨਹੀਂ ਹੋ ਸਕਦਾ ਸੀ।
ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਇਨ੍ਹਾਂ ਨੀਤੀਆਂ ਨਾਲ ਭਵਿੱਖ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਆਉਣ ਲਈ ਕੋਈ ਉਤਸ਼ਾਹ ਨਹੀਂ ਮਿਲੇਗਾ ਅਤੇ ਖ਼ਾਸ ਕਰਕੇ ਉਸ ਵੇਲ਼ੇ ਜਦੋਂ ਆਸਟ੍ਰੇਲੀਆ ਦੀ ਅੰਤਰਾਸ਼ਟਰੀ ਸਿੱਖਿਆ ਪ੍ਰਣਾਲੀ ਨੂੰ ਕੈਨੇਡਾ ਅਤੇ ਇੰਗਲੈਂਡ ਤੋਂ ਸਖ਼ਤ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਐਸ ਬੀ ਐਸ ਪੰਜਾਬੀ ਵਲੋਂ ਇਸ ਤਬਦੀਲੀ ਨੂੰ ਲੈ ਕੇ ਵਧੇਰੇ ਸਪ੍ਸ਼ਟੀਕਰਨ ਲਈ ਗ੍ਰਹਿ ਵਿਭਾਗ ਨਾਲ ਸੰਪਰਕ ਕੀਤਾ ਗਿਆ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।