ਤਕਰੀਬਨ 13000 ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਛੱਡਿਆ ਆਸਟ੍ਰੇਲੀਆ

ਫ਼ੈਡਰਲ ਸਰਕਾਰ ਦੇ ਸਿੱਖਿਆ, ਹੁਨਰ ਅਤੇ ਰੁਜ਼ਗਾਰ ਵਿਭਾਗ ਤੋਂ ਪ੍ਰਾਪਤ ਤਾਜ਼ਾ ਅੰਕੜਿਆਂ ਅਨੁਸਾਰ 10 ਜਨਵਰੀ 2021 ਤੱਕ ਆਸਟ੍ਰੇਲੀਆ ਦੇ 542,106 ਵਿਦਿਆਰਥੀ ਵੀਜ਼ਾ ਧਾਰਕਾਂ ਵਿੱਚੋਂ ਲਗਭਗ 164,000 ਨੂੰ ਅਨਿਸ਼ਚਿਤ ਹਲਾਤਾਂ ਕਾਰਣ ਦੇਸ਼ ਛੱਡਣਾ ਪਿਆ ਹੈ।

International students

When can international students return to Australia? Source: Getty Images/Busakorn Pongparnit

ਹੁਣ ਤੱਕ ਹਜ਼ਾਰਾਂ ਭਾਰਤੀ ਅੰਤਰਾਸ਼ਟਰੀ ਵਿਦਿਆਰਥੀ ਮੌਜੂਦਾ ਹਲਾਤਾਂ ਕਾਰਣ ਆਸਟ੍ਰੇਲੀਆ ਨੂੰ ਅਲਵਿਦਾ ਕਹਿ ਚੁੱਕੇ ਹਨ। ਭਾਰਤ ਆਸਟ੍ਰੇਲੀਆ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਦੂਜਾ ਸਭ ਤੋਂ ਵੱਡਾ ਸਰੋਤ ਹੈ।

ਤਾਜ਼ਾ ਸਰਕਾਰੀ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਘੱਟੋ ਘੱਟ 12,740 ਵਿਦਿਆਰਥੀ ਵੀਜ਼ਾ ਧਾਰਕ, ਜਿਨ੍ਹਾਂ ਨੂੰ ਅਨਿਸ਼ਚਿਤ ਹਲਾਤਾਂ ਕਰ ਕੇ ਆਸਟ੍ਰੇਲੀਆ ਛੱਡ ਕੇ ਜਾਣਾ ਪਿਆ, ਉਹ ਭਾਰਤ ਤੋਂ ਸਨ।

ਅੰਕੜੇ ਇਹ ਵੀ ਦਰਸਾਉਂਦੇ ਹਨ ਕਿ ਨ੍ਯੂ ਸਾਊਥ ਵੇਲਜ਼ ਅਤੇ ਵਿਕਟੋਰੀਆ ਨੂੰ ਵਿਦਿਆਰਥੀਆਂ ਦੇ ਜਾਣ ਨਾਲ ਸਭ ਤੋਂ ਜ਼ਿਆਦਾ ਮਾਰ ਪਈ ਹੈ। ਹੁਣ ਤੱਕ 60,394 ਵਿਦਿਆਰਥੀ ਨ੍ਯੂ ਸਾਊਥ ਵੇਲਜ਼ ਤੋਂ ਅਤੇ 56,824 ਵਿਕਟੋਰੀਆ ਤੋਂ ਰਵਾਨਾ ਹੋ ਚੁੱਕੇ ਹਨ ਜਿਸ ਦੇ ਨਤੀਜੇ ਵਜੋਂ ਇਨ੍ਹਾਂ ਰਾਜਾਂ ਨੂੰ ਭਾਰੀ ਆਰਥਕ ਨੁਕਸਾਨ ਹੋਇਆ।

ਐਸ ਬੀ ਐਸ ਪੰਜਾਬੀ ਤੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਸਿੱਖਿਆ, ਹੁਨਰ ਅਤੇ ਰੁਜ਼ਗਾਰ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਉਪਰੋਕਤ ਅੰਕੜਿਆਂ ਵਿੱਚ ਉਹ ਵਿਦਿਆਰਥੀ ਸ਼ਾਮਲ ਹਨ ਜੋ ਆਪਣੀ ਪੜ੍ਹਾਈ ਜਾਂ ਤਾਂ ਪੂਰੀ ਕਰ ਚੁੱਕੇ ਹਨ ਅਤੇ ਉਹ ਜੋ ਆਪਣੀ ਪੜ੍ਹਾਈ ਅਜੇ ਸ਼ੁਰੂ ਨਹੀਂ ਕਰ ਸਕੇ ਹਨ।

ਕੁਆਰੰਟੀਨ ਸਮਰੱਥਾ ਵਿੱਚ ਹਾਲ ਹੀ ਵਿੱਚ ਹੋਏ ਨੀਤੀਗਤ ਬਦਲਾਵਾਂ ਕਾਰਣ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਵਿੱਚ ਹੋਰ ਦੇਰੀ ਹੋਣ ਦਾ ਅੰਦਾਜ਼ਾ ਵੀ ਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਵਾਪਸ ਆਉਣ ਵਿੱਚ ਅਸਮਰਥ 40,000 ਆਸਟ੍ਰੇਲੀਅਨ ਨਾਗਰਿਕਾਂ ਨੂੰ ਵਾਪਸ ਲਿਆਉਣਾ ਵੀ ਸਰਕਾਰ ਲਈ ਇੱਕ ਵੱਡੀ ਚੁਣੌਤੀ ਬਣੀ ਹੋਇ ਹੈ।

ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ ਲਈ ਪਾਇਲਟ ਯੋਜਨਾਵਾਂ 'ਤੇ ਜਾਣਕਾਰੀ ਦੇਂਦਿਆਂ ਵਿਕਟੋਰੀਆ ਦੇ ਡਿਪਟੀ ਪ੍ਰੀਮੀਅਰ ਜੇਮਜ਼ ਮਰਲਿਨੋ ਨੇ ਅੱਜ ਪੁਸ਼ਟੀ ਕੀਤੀ ਕਿ ਰਾਜ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੀ ਯੋਜਨਾ ਉੱਤੇ ਸੰਘੀ ਸਰਕਾਰ ਨਾਲ ਕੰਮ ਕਰ ਰਿਹਾ ਹੈ ਪਰ ਇਸ ਬਾਰੇ ਕੋਈ ਸਮਾਂ-ਸੀਮਾ ਇਸ ਵੇਲ਼ੇ ਨਹੀਂ ਦਿੱਤੀ ਜਾ ਸੱਕਦੀ।

ਨ੍ਯੂ ਸਾਊਥ ਵੇਲਜ਼ ਰਾਜ ਦੇ ਪ੍ਰੀਮੀਅਰ ਗਲੇਡਜ਼ ਬੇਰੇਜਿਕਲਿਅਨ ਨੇ ਮੰਨਿਆ ਕਿ ਕੋਰੋਨਾਵਾਇਰਸ ਦੇ ਬਦਲ ਰਹੇ ਰੂਪ ਕਾਰਨ ਅੰਤਰਾਸ਼ਟਰੀ ਸਰਹਦਾਂ ਖੋਲਣ ਵਿੱਚ ਅਨਿਸ਼ਚਤਾ ਹੋਰ ਵੱਧ ਗਈ ਹੈ ਜਿਸ ਕਾਰਨ ਵਿਦਿਆਰਥੀਆਂ ਦੇ ਮੁੜ ਪਰਤਣ ਵਿੱਚ ਦੇਰ ਲੱਗ ਸੱਕਦੀ ਹੈ।

 

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। 

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।

ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ  ਉੱਤੇ ਉਪਲੱਬਧ ਹਨ।

Share
Published 19 January 2021 11:30am
Updated 12 August 2022 3:10pm
By Avneet Arora, Ravdeep Singh


Share this with family and friends