ਅੰਤਰਰਾਸ਼ਟਰੀ ਵਿਦਿਆਰਥੀ ਸਿੱਖਿਆ ਤੋਂ ਕਮਾਏ 40 ਬਿਲੀਅਨ ਡਾਲਰ ਆਸਟ੍ਰੇਲੀਆ ਦੀ ਆਰਥਿਕ ਮੁੜ ਉਸਾਰੀ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੇ ਹਨ।
ਮਿਸ਼ੇਲ ਨਾਮਕ ਸੰਸਥਾ ਦੀ ਇੱਕ ਰਿਪੋਰਟ ਅਨੁਸਾਰ ਅੰਤਰਾਸ਼ਟਰੀ ਯਾਤਰਾ ਪਬੰਦੀਆਂ ਕਾਰਨ ਪਿੱਛਲੇ ਸਾਲ ਦੇ ਮੁਕਾਬਲੇ ਜੁਲਾਈ 2021 ਤੱਕ ਅੰਤਰਰਾਸ਼ਟਰੀ ਵਿਦਿਆਰਥੀ ਦੀ ਸੰਖਿਆ ਵਿੱਚ 300,000 ਤੱਕ ਦੀ ਕਮੀ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ ਜਿਸਦਾ ਖ਼ਾਸ ਕਰਕੇ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਦੀਆਂ ਯੂਨੀਵਰਸਿਟੀਆਂ ਨੂੰ ਕਾਫ਼ੀ ਨੁਕਸਾਨ ਉਠਾਣਾ ਪੈ ਸੱਕਦਾ ਹੈ।
ਇਸ ਅਨਿਸ਼ਚਿਤਤਾ ਕਾਰਣ ਦਾਖਲਿਆਂ ਵਿਚ ਭਾਰੀ ਗਿਰਾਵਟ ਵੇਖਣ ਨੂੰ ਮਿਲ਼ ਰਹੀ ਹੈ ਅਤੇ ਇਸ ਦੇ ਚਲਦਿਆਂ ਵਿਦੇਸ਼ੀ ਵਿਦਿਆਰਥੀਆਂ ਦੀ ਵਾਪਸੀ ਲਈ ਠੋਸ ਯੋਜਨਾਵਾਂ ਨੂੰ ਸਿਰਜਣ ਲਈ ਰਾਜਾਂ ਅਤੇ ਪ੍ਰਦੇਸ਼ਾਂ ਉਤੇ ਦਬਾਵ ਬਹੁਤ ਵੱਧ ਗਿਆ ਹੈ।
ਨੋਰਧਰਨ ਟੈਰੀਟੋਰੀ ਦੇਸ਼ ਦਾ ਪਹਿਲਾ ਅਤੇ ਇਕਮਾਤਰ ਅਧਿਕਾਰ ਖੇਤਰ ਹੈ ਜੋ ਪਿਛਲੇ ਸਾਲ ਮਾਰਚ ਵਿਚ ਅੰਤਰਰਾਸ਼ਟਰੀ ਸਰਹੱਦਾਂ ਬੰਦ ਹੋਣ ਤੋਂ ਬਾਅਦ ਹੁਣ ਤੱਕ 63 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਵਿਚ ਕਾਮਯਾਬ ਰਿਹਾ ਹੈ। ਉਹ ਆਉਣ ਵਾਲੇ ਮਹੀਨਿਆਂ ਵਿੱਚ ਮੌਰਿਸਨ ਸਰਕਾਰ ਤੋਂ ਵਿਦਿਆਰਥੀਆਂ ਦੇ ਅਗਲੇ ਸਮੂਹ ਨੂੰ ਡਾਰਵਿਨ ਲਿਆਉਣ ਲਈ ਪ੍ਰਵਾਨਗੀ ਦੀ ਉਡੀਕ ਕਰ ਰਹੇ ਹਨ।
ਨਿਊ ਸਾਊਥ ਵੇਲਜ਼ ਦੇ ਨੌਕਰੀਆਂ, ਨਿਵੇਸ਼, ਸੈਰ ਸਪਾਟਾ ਮੰਤਰੀ ਸਟੂਅਰਟ ਆਯਰਸ ਨੇ ਭਰੋਸਾ ਦਿੱਤਾ ਕਿ 2021 ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ ਰਾਜ ਦੇ ਮਹਾਂਮਾਰੀ ਤੋਂ ਬਾਅਦ ਦੀ ਆਰਥਿਕ ਉਸਾਰੀ ਦਾ ਇਕ ਮਹੱਤਵਪੂਰਣ ਹਿੱਸਾ ਹੋਵੇਗੀ ਪਰ ਮੌਜੂਦਾ ਹਲਾਤਾਂ ਵਿੱਚ ਆਸਟ੍ਰੇਲੀਆ ਦੇ ਨਾਗਰੀਕਾਂ ਨੂੰ ਵਾਪਸੀ ਵਿੱਚ ਪ੍ਰਾਥਮਿਕਤਾ ਦਿੱਤੀ ਜਾਵੇਗੀ।
ਵਿਕਟੋਰੀਆ, ਜਿੱਥੇ ਇਸ ਸਮੇਂ 120,000 ਵਿਦਿਆਰਥੀ ਪੜ ਰਹੇ ਹਨ ਵਲੋਂ ਮੌਜੂਦਾ ਬਜਟ ਵਿੱਚ ਵਿਦਿਆਰਥੀਆਂ ਦੀ ਵਾਪਸੀ ਲਈ 33.4 ਮਿਲੀਅਨ ਡਾਲਰ ਰਾਖਵੇਂ ਰੱਖੇ ਗਏ ਹਨ।
ਦੱਖਣੀ ਆਸਟਰੇਲੀਆ ਵਲੋਂ ਬਾਹਰ ਫ਼ਸੇ 300 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਇਸ ਸਾਲ ਲਾਂਚ ਕੀਤੇ ਜਾਣ ਵਾਲ਼ੇ ਪਾਇਲਟ ਪ੍ਰੋਗਰਾਮ ਦੇ ਹਿੱਸੇ ਵਜੋਂ, ਸਿੰਗਾਪੁਰ ਏਅਰਲਾਇੰਸ ਦੀਆਂ ਉਡਾਣਾਂ ਰਾਹੀਂ ਯੂਨੀਵਰਸਿਟੀਆਂ ਵਿਚ ਵਾਪਸ ਲਿਆਉਣ ਦੀ ਉਮੀਦ ਹੈ।
ਆਸਟ੍ਰੇਲੀਅਨ ਕੈਪੀਟਲ ਟੈਰੇਟਰੀ 350 ਵਿਦਿਆਰਥੀਆਂ ਦੀ ਵਾਪਸੀ ਲਈ ਇਸ ਵੇਲੇ ਫ਼ੈਡਰਲ ਸਰਕਾਰ ਤੋਂ ਅੰਤਮ ਸਹਿਮਤੀ ਦੀ ਉਡੀਕ ਵਿੱਚ ਹੈ। ਪਿਛਲੇ ਸਾਲ ਜੁਲਾਈ ਵਿੱਚ ਮੈਲਬੌਰਨ ਵਿੱਚ ਕੋਰੋਨਾਵਾਇਰਸ ਦੀ ਦੂਸਰੀ ਲਹਿਰ ਸ਼ੁਰੂ ਹੋਣ ਤੋਂ ਬਾਅਦ ਇਸ ਨੂੰ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਸੀ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।