ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਆਸਟ੍ਰੇਲੀਆ ਪਹੁੰਚ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨਵੇਂ ਨਿਯਮਾਂ ਦੀ ਘੋਸ਼ਣਾ ਕੀਤੀ ਹੈ। ਇਨ੍ਹਾਂ ਨਿਯਮਾਂ ਅਨੁਸਾਰ ਆਉਣ ਵਾਲ਼ੇ ਸਾਰੇ ਯਾਤਰੀਆਂ ਲਈ ਉਡਾਣ ਦੌਰਾਨ ਮਾਸਕ ਪਹਿਨਣੇ ਲਾਜ਼ਮੀ ਕਰ ਦਿੱਤੇ ਗਏ ਨੇ।
ਇਸ ਤੋਂ ਇਲਾਵਾ ਯਾਤਰਾ ਤੋਂ ਪਹਿਲਾਂ ਅਤੇ ਬਾਅਦ ਵਿਚ ਕੋਵਿਡ-19 ਲਈ ਟੈਸਟ ਕਰਵਾਉਣਾ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ। ਇਹ ਨਿਯਮ ਘਰੇਲੂ ਉਡਾਣਾਂ ਤੇ ਵੀ ਲਾਗੂ ਕੀਤੇ ਜਾਣਗੇ।
ਰਾਸ਼ਟਰੀ ਕੈਬਨਿਟ ਦੀ ਬੈਠਕ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰਦਿਆਂ ਸ੍ਰੀ ਮੌਰਿਸਨ ਨੇ ਕਿਹਾ ਕਿ ਸਾਰਿਆਂ ਯਾਤਰੀਆਂ ਉੱਤੇ ਇਹ ਨਵੇਂ ਨਿਯਮ ਲਾਗੂ ਹੋਣਗੇ ਹਾਲਾਂਕਿ ਮੌਸਮੀ ਕਾਮਿਆਂ ਨੂੰ ਕੁੱਝ ਸੀਮਤ ਛੋਟਾਂ ਦਿੱਤੀਆਂ ਜਾ ਰਹਿਆਂ ਹਨ।
ਆਸਟ੍ਰੇਲੀਅਨ ਨਾਗਰਿਕਾਂ ਅਤੇ ਦੇਸ਼ ਤੋਂ ਬਾਹਰ ਫ਼ਸੇ ਹੋਏ ਪੱਕੇ ਵਸਨੀਕਾਂ ਲਈ ਇੱਕ ਅਹਿਮ ਬਿਆਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਊ ਸਾਊਥ ਵੇਲਜ਼, ਪੱਛਮੀ ਆਸਟ੍ਰੇਲੀਆ ਅਤੇ ਕੁਈਨਜ਼ਲੈਂਡ ਵਿੱਚ ਅੰਤਰਰਾਸ਼ਟਰੀ ਆਗਮਨ ਹੱਦਬੰਦੀ ਵਿੱਚ ਪੰਜਾਹ ਪ੍ਰਤੀਸ਼ਤ ਕਟੌਤੀ ਕੀਤੀ ਗਈ ਹੈ।
ਇਸ ਬਦਲਾਵ ਦੇ ਬਾਦ ਹੁਣ ਨਿਊ ਸਾਊਥ ਵੇਲਜ਼ ਵਿੱਚ ਨਵੀਂ ਹਫ਼ਤਾਵਾਰੀ ਅੰਤਰਰਾਸ਼ਟਰੀ ਆਗਮਨ ਹੱਦਬੰਦੀ 1,505, ਪੱਛਮੀ ਆਸਟਰੇਲੀਆ ਵਿੱਚ 512 ਅਤੇ ਕੁਈਨਜ਼ਲੈਂਡ ਵਿੱਚ 500 ਤੇ ਸਿਮਟ ਕੇ ਰਹਿ ਜਾਵੇਗੀ।
ਵਿਕਟੋਰੀਆ ਵਿਚ ਫ਼ਿਲਹਾਲ ਕੋਈ ਤਬਦੀਲੀ ਨਹੀਂ ਕੀਤੀ ਗਈ ਕਿਉਂਕਿ ਇਥੇ ਰਾਜ ਨੇ ਆਪਣੀ ਹੱਦਬੰਦੀ ਨੂੰ ਪਹਿਲਾਂ ਹੀ ਆਪਣੀ ਮੌਜੂਦਾ ਸਮਰੱਥਾ ਤੋਂ 50 ਪ੍ਰਤੀਸ਼ਤ ਤੋਂ ਵੀ ਘੱਟ ਤੇ ਸੀਮਤ ਰੱਖੀਆ ਹੈ।
ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਦੇ ਅੰਕੜਿਆਂ ਦੇ ਅਨੁਸਾਰ 38,000 ਤੋਂ ਵੱਧ ਲੋਕਾਂ ਨੇ ਵਿਭਾਗ ਨਾਲ਼ ਵਾਪਸ ਆਣ ਲਈ ਆਪਣੀ ਦਿਲਚਸਪੀ ਦਰਜ ਕੀਤੀ ਹੈ ਜਿਨ੍ਹਾਂ ਵਿੱਚੋਂ ਘੱਟੋ ਘੱਟ 10,000 ਭਾਰਤ ਵਿੱਚ ਫ਼ਸੇ ਹੋਏ ਹਨ ਜਿਨ੍ਹਾਂ ਨੂੰ ਮੁੜ ਪਰਤਣ ਵਿੱਚ ਹੁਣ ਹੋਰ ਦੇਰ ਲੱਗ ਸੱਕਦੀ ਹੈ।
ਇਹ ਨਵੇਂ ਨਿਯਮ15 ਫਰਵਰੀ ਤੱਕ ਲਾਗੂ ਰਹਿਣਗੇ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ