ਇਸ ਸਮੇਂ ਜਦੋਂ ਸੰਸਾਰ ਭਰ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ ਵੱਧ ਕੇ 2 ਮਿਲੀਅਨ ਤੱਕ ਪਹੁੰਚ ਗਈ ਹੈ, ਫੈਡਰਲ ਸਰਕਾਰ ਵਿਦੇਸ਼ਾਂ ਵਿੱਚ ਫਸੇ ਹੋਏ ਆਸਟ੍ਰੇਲੀਅਨ ਲੋਕਾਂ ਨੂੰ ਵਾਪਸ ਘਰ ਲਿਆਉਣ ਲਈ ਵਧੇਰੇ ਉਡਾਣਾਂ ਦਾ ਪ੍ਰਬੰਧ ਕਰ ਰਹੀ ਹੈ।
20 ਨਵੀਆਂ ਉਡਾਣਾਂ ਦੀ ਘੋਸ਼ਣਾ ਕਰ ਦਿੱਤੀ ਗਈ ਹੈ ਜਿਸ ਨਾਲ ਘਰ ਵਾਪਸੀ ਦੀ ਉਡੀਕ ਕਰ ਰਹੇ 40 ਹਜ਼ਾਰ ਆਸਟ੍ਰੇਲੀਅਨ ਲੋਕਾਂ ਨੂੰ ਕੁੱਝ ਮੱਦਦ ਮਿਲ ਸਕੇਗੀ। ਪਰ ਪੋਲੈਂਡ ਵਿੱਚ ਫਸੇ ਹੋਏ ਰਾਇਨ ਸਿਮਸ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਬਹੁਤ ਦੇਰੀ ਨਾਲ ਅਜਿਹੇ ਕਦਮ ਚੁੱਕੇ ਗਏ ਹਨ।
ਇਹ ਘੋਸ਼ਣਾ ਉਸ ਸਮੇਂ ਕੀਤੀ ਗਈ ਹੈ ਜਦੋਂ ਪਿਛਲੇ ਹਫਤੇ ਹੀ ਦੇਸ਼ ਦੀ ਕੈਬਿਨੇਟ ਨੇ ਅੰਤਰਰਾਸ਼ਟਰੀ ਆਮਦ ਉੱਤੇ 50% ਦੀ ਕਟੋਤੀ ਦਾ ਐਲਾਨ ਕੀਤਾ ਸੀ। ਫੈਡਰਲ ਸਰਕਾਰ ਵਲੋਂ ਕਿਹਾ ਗਿਆ ਹੈ ਕਿ ਇਸ ਨੇ ਹੁਣ ਤੱਕ 90 ਖਾਸ ਉਡਾਣਾਂ ਦੁਆਰਾ 4 ਲੱਖ 46 ਹਜ਼ਾਰ ਆਸਟ੍ਰੇਲੀਅਨ ਲੋਕਾਂ ਨੂੰ ਵਾਪਸ ਘਰ ਲਿਆਂਦਾ ਹੈ।
ਡੁਬਈ ਦੀ ਹਵਾਈ ਕੰਪਨੀ ਐਮੀਰੇਟਸ ਨੇ ਵੀ ਆਪਣੀਆਂ ਪੂਰਬੀ ਤੱਟਾਂ ਵਾਲੀਆਂ ਉਡਾਣਾਂ ਨੂੰ ਕੁੱਝ ਖਾਸ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਅਚਾਨਕ ਬੰਦ ਕਰ ਦਿੱਤਾ ਹੈ। ਅਤੇ ਇਸ ਦਾ ਸਿੱਧਾ ਅਸਰ ਪਾਕਿਸਤਾਨ ਵਿੱਚ ਫਸੇ ਹੋਏ ਯਾਸਿਰ ਮਹਿਮੂਦ ਅਤੇ ਉਸ ਦੀ ਪਤਨੀ ਵਰਗੇ ਕਈ ਹੋਰਨਾਂ ਉੱਤੇ ਪਿਆ ਹੈ।
ਇਸੀ ਤਰਾਂ ਬਰਿਸਬੇਨ ਨਿਵਾਸੀ ਸ਼੍ਰੀ ਸਿਮਸ ਨੂੰ ਵੀ ਆਪਣੇ ਭਵਿੱਖ ਬਾਰੇ ਕੁੱਝ ਵੀ ਪਤਾ ਨਹੀਂ ਚੱਲ ਰਿਹਾ ਹੈ।
ਫੈਡਰਲ ਸਰਕਾਰ ਨੇ ਹਾਲੇ ਇਹ ਸਾਫ ਨਹੀਂ ਕੀਤਾ ਹੈ ਕਿ ਇਹਨਾਂ ਖਾਸ ਉਡਾਣਾਂ ਵਿੱਚ ਕਿਹੜੇ ਕਿਹੜੇ ਦੇਸ਼ਾਂ ਤੋਂ ਆਸਟ੍ਰੇਲੀਅਨ ਲੋਕਾਂ ਨੂੰ ਵਾਪਸ ਲਿਆਉਂਦਾ ਜਾਵੇਗਾ।ਕਾਰਜਕਾਰੀ ਵਿਦੇਸ਼ ਮੰਤਰੀ ਸਾਈਮਨ ਬਰਮਿੰਘਮ ਨੇ ਕਿਹਾ ਹੈ ਕਿ ਇਹ ਫੈਸਲਾ ਲੋੜ ਅਨੁਸਾਰ ਕੀਤਾ ਜਾਵੇਗਾ।
ਇਸ ਦੇ ਨਾਲ ਹੀ ਆਸਟ੍ਰੇਲੀਅਨ ਓਪਨ ਦੇ 24 ਖਿਡਾਰੀਆਂ ਨੂੰ ਵੀ ਮੈਲਬਰਨ ਵਿੱਚ ਸਖਤ ਇਕੱਲਤਾ ਵਿੱਚ ਭੇਜ ਦਿੱਤਾ ਗਿਆ ਹੈ ਕਿਉਂਕਿ ਇਹਨਾਂ ਨੇ ਕੋਵਿਡ-19 ਦੇ ਦੋ ਸਕਾਰਾਤਮਕ ਕੇਸਾਂ ਦੇ ਨਾਲ ਹਵਾਈ ਉਡਾਣ ਭਰੀ ਸੀ। ਇਹਨਾਂ 14 ਦਿਨਾਂ ਦੀ ਇਕੱਲ਼ਤਾ ਦੌਰਾਨ ਇਹ ਖਿਡਾਰੀ ਸਿਰਫ ਹੋਟਲ ਦੇ ਕਮਰਿਆਂ ਵਿੱਚ ਹੀ ਰਹਿਣਗੇ ਅਤੇ ਆਪਣੀ 5 ਘੰਟਿਆਂ ਵਾਲੀ ਟਰੇਨਿੰਗ ਵੀ ਨਹੀਂ ਕਰ ਸਕਣਗੇ।
ਕੂਆਰਨਟੀਨ ਵਿੱਚ ਭੇਜੇ ਜਾਣ ਵਾਲਿਆਂ ਵਿੱਚ ਦੋ ਵਾਰ ਦੀ ਆਸਟ੍ਰੇਲੀਅਨ ਓਪਨ ਚੈਂਪੀਅਨ ਵਿਕਟੋਰੀਆ ਅਜ਼ਾਰੈਂਕਾ ਵੀ ਸ਼ਾਮਲ ਹੈ। ਦੋ ਸਕਾਰਾਤਮ ਕੇਸਾਂ ਨੂੰ ਵੀ ਹੋਟਲ ਵਿੱਚ ਮੈਡੀਕਲ ਨਿਗਰਾਨੀ ਹੇਠ ਰੱਖਿਆ ਗਿਆ ਹੈ।
ਆਸਟ੍ਰੇਲੀਅਨ ਓਪਨ ਦੇ ਡਾਇਰੈਕਟਰ ਕਰੇਗ ਟਿੱਲੀ ਨੇ ਕਿਹਾ ਹੈ ਕਿ ਉਹਨਾਂ ਦੀ ਸੰਸਥਾ ਇਕੱਲਤਾ ਵਿੱਚ ਰਹਿਣ ਵਾਲੇ ਸਾਰੇ ਖਿਡਾਰੀਆਂ ਦਾ ਪੂਰਾ ਧਿਆਨ ਰੱਖ ਰਹੀ ਹੈ।
ਵਿਕਟੋਰੀਆ ਦੇ ਪ੍ਰੀਮੀਅਰ ਡੇਨਿਅਲ ਐਂਡਰਿਊਜ਼ ਨੇ ਕਿਹਾ ਹੈ ਕਿ ਉਹਨਾਂ ਨੂੰ ਰਾਜ ਦੇ ਹੋਟਲ ਕੂਆਰਨਟੀਨ ਸਿਸਟਮ ਉੱਤੇ ਪੂਰਾ ਭਰੋਸਾ ਹੈ।
ਤਾਜ਼ਾ ਜਾਣਕਾਰੀ ਮੁਤਾਬਕ, ਨਿਊ ਸਾਊਥ ਵੇਲਜ਼ ਨੂੰ ਛੱਡ ਕੇ ਆਸਟ੍ਰੇਲੀਆ ਦੇ ਬਾਕੀ ਸਾਰੇ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਕੋਵਿਡ-19 ਦਾ ਕੋਈ ਵੀ ਸਥਾਨਕ ਕੇਸ ਦਰਜ ਨਹੀਂ ਕੀਤਾ ਗਿਆ ਹੈ। ਅਤੇ ਹੋਟਲ ਇਕੱਲਤਾ ਵਿੱਚ ਵੀ ਦੋ ਹਿੰਦਸਿਆਂ ਤੋਂ ਘੱਟ ਕੇਸ ਹੀ ਦਰਜ ਹੋਏ ਹਨ। ਪੱਛਮੀ ਸਿਡਨੀ ਵਿੱਚ ਇੱਕ ਸਥਾਨਕ ਕੇਸ ਸਾਹਮਣੇ ਆਉਣ ਤੋਂ ਬਾਅਦ ਅਧਿਕਾਰੀਆਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ
ਕੋਵਿਡ-19 ਬਾਰੇ ਆਪਣੀ ਭਾਸ਼ਾ ਵਿੱਚ ਤਾਜ਼ਾ ਜਾਣਕਾਰੀ ਅਤੇ ਉਪਲੱਬਧ ਮੱਦਦ ਲੈਣ ਲਈ ਐਸਬੀਐਸ.ਕਾਮ.ਏਯੂ/ਕਰੋਨਾਵਾਇਰਸ ‘ਤੇ ਜਾਓ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।