ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦੇ ਇਸ ਬਿਆਨ ਤੋਂ ਬਾਅਦ ਬਾਹਰ ਫ਼ਸੇ 13,000 ਤੋਂ ਵੱਧ ਆਸਵੰਦ ਭਾਰਤੀ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚ ਰੋਸ ਬਹੁਤ ਵੱਧ ਗਿਆ ਹੈ ਅਤੇ ਉਨ੍ਹਾਂ ਨੇ ਆਪਣੇ ਭਵਿੱਖ ਦਾ ਹਵਾਲਾ ਦੇਂਦਿਆਂ ਆਸਟ੍ਰੇਲੀਅਨ ਸਰਕਾਰ ਨੂੰ ਮੌਜੂਦਾ ਯਾਤਰਾ ਪਾਬੰਦੀਆਂ ਤੋਂ ਛੋਟ ਦੀ ਫ਼ਰਿਆਦ ਕੀਤੀ ਹੈ।
ਸ਼੍ਰੀ ਐਂਡਰਿਊਜ਼ ਨੇ ਕਿਹਾ ਕਿ ਆਸਟ੍ਰੇਲੀਆ ਤੋਂ ਬਾਹਰ ਫ਼ਸੇ ਲਗਭਗ 164,000 ਵਿਦੇਸ਼ੀ ਵਿਦਿਆਰਥੀਆਂ ਵਿੱਚੋਂ ਵੱਡੀ ਗਿਣਤੀ ਦਾ ਇਸ ਸਾਲ ਵਾਪਸ ਮੁੜਨਾ ਬਹੁਤ ਔਖਾ ਹੋ ਸੱਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ 20,000 ਤੋਂ 30,000 ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ ਵੀ ਮੌਜੂਦਾ ਹਲਾਤਾਂ ਵਿੱਚ ਲੱਗਭਗ ਨਾਮੁਮਕਿਨ ਜਿਹੀ ਜਾਪਦੀ ਹੈ।
ਸਿੱਖਿਆ, ਹੁਨਰ ਅਤੇ ਰੁਜ਼ਗਾਰ ਵਿਭਾਗ ਦੇ ਤਾਜ਼ਾ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਇਸ ਮਹਾਂਮਾਰੀ ਕਰਕੇ ਘੱਟੋ ਘੱਟ 56,824 ਵਿਦਿਆਰਥੀ ਵਿਕਟੋਰੀਆ ਨੂੰ ਛੱਡ ਗਏ ਸਨ। ਵਿਦੇਸ਼ੀ ਵਿਦਿਆਰਥੀਆਂ ਤੋਂ ਵਸੂਲੀਆਂ ਜਾਣ ਵਾਲੀਆਂ ਫੀਸਾਂ ਤੋਂ ਘਟੀ ਆਮਦਨੀ ਕਰਕੇ ਸਥਾਨਕ ਯੂਨੀਵਰਸਿਟੀਆਂ ਪਹਿਲਾਂ ਹੀ ਇੱਕ ਵੱਡੇ ਆਰਥਿਕ ਸੰਕਟ ਨਾਲ਼ ਜੂਝਿ ਰਹੀਆਂ ਹਨ ਅਤੇ ਇਸ ਫ਼ੈਸਲੇ ਕਰਕੇ ਇਨ੍ਹਾਂ ਵਿੱਦਿਅਕ ਅਧਾਰਿਆਂ ਨਾਲ਼ ਸਬੰਧਤ ਨੌਕਰੀਆਂ ਵਿੱਚ ਵੱਡੀ ਕਟੌਤੀ ਕੀਤੀ ਜਾ ਸੱਕਦੀ ਹੈ।
ਕੁਝ ਦਿਨ ਪਹਿਲਾਂ ਨਿਊ ਸਾਊਥ ਵੇਲਜ਼ ਦੀ ਸਰਕਾਰ ਨੇ ਰਾਜ ਵਿੱਚ ਕੋਵਿਡ-19 ਦੇ ਨਵੇਂ ਬਦਲੇ ਰੂਪ ਦੇ ਮੱਦੇਨਜ਼ਰ 1000 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹਰ ਹਫ਼ਤੇ ਸਿਡਨੀ ਵਾਪਸ ਬੁਲਾਉਣ ਦੀਆਂ ਆਪਣੀਆਂ ਯੋਜਨਾਵਾਂ ਨੂੰ ਮੁਲਤਵੀ ਕਰ ਦਿੱਤਾ ਸੀ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।