‘ਕੋਵਿਡ-ਕਿਲੋਜ਼’: ਤਾਲਾਬੰਦੀ ਦੌਰਾਨ ਘਰ ਵਿੱਚ ਰਹਿੰਦੇ ਹੋਏ ਆਪਣੇ ਭਾਰ ਨੂੰ ਕਿਵੇਂ ਕਾਬੂ ਵਿੱਚ ਰੱਖੀਏ?

Working from home during lockdowns can cause gaining Covid-Kilos

Here are some dietitian-approved health tips to shift your lockdown kilos. Source: SBS

ਮਾਹਿਰਾਂ ਅਨੁਸਾਰ ਲੰਬੇ ਸਮੇਂ ਦੀਆਂ ਤਾਲਾਬੰਦੀਆਂ ਕਾਰਨ ਬਹੁਤ ਸਾਰੇ ਲੋਕ ਘਰਾਂ ਅੰਦਰ ਰਹਿੰਦੇ ਹੋਏ ਲੋੜ ਨਾਲੋਂ ਜਿਆਦਾ ਖਾਣਾ ਖਾਂਦੇ ਹੋਏ ਨਾ-ਮਾਤਰ ਕਸਰਤ ਕਰ ਰਹੇ ਹਨ। ਇਸ ਦੇ ਨਤੀਜੇ ਵਜੋਂ ਉਨ੍ਹਾਂ ਦਾ ਭਾਰ ਤੇਜ਼ੀ ਨਾਲ ਵੱਧ ਸਕਦਾ ਹੈ ਜਿਸ ਨੂੰ ‘ਕੋਵਿਡ-ਕਿਲੋਜ਼’ ਕਿਹਾ ਜਾ ਰਿਹਾ ਹੈ।


ਸਿਡਨੀ ਦੀ ਰਹਿਣ ਵਾਲੀ ਡਾਈਟੀਸ਼ੀਅਨ ਸਿਮਰਨ ਗਰੋਵਰ ਨੇ ਚਿੰਤਾ ਪ੍ਰਗਟਾਈ ਹੈ ਕਿ ਲੋਕ ਘਰਾਂ ਅੰਦਰ ਰਹਿੰਦੇ ਹੋਏ ਕਰੋਨਾਵਾਇਰਸ ਦੀ ਮਾਰ ਤੋਂ ਤਾਂ ਬਚ ਪਾ ਰਹੇ ਹਨ ਪਰ ਦੂਜੇ ਪਾਸੇ ਆਪਣੇ ਸ਼ਰੀਰ ਦਾ ਕੋਈ ਖਾਸ ਧਿਆਨ ਨਹੀਂ ਰੱਖ ਰਹੇ।

ਮਿਸ ਗਰੋਵਰ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਹਨਾਂ ਕੋਲ ਸਲਾਹ ਲੈਣ ਲਈ ਆਉਣ ਵਾਲੇ ਲੋਕਾਂ ਵਿੱਚੋਂ ਲਗਭਗ ਸਾਰਿਆਂ ਨੇ ਹੀ ਪਿਛਲੇ ਸਾਲ ਪਹਿਲੀ ਵਾਰ ਤਾਲਾਬੰਦੀ ਦਾ ਸਾਹਮਣਾ ਕੀਤਾ ਸੀ ਜਿਸ ਪਿੱਛੋਂ ਉਹਨਾਂ ਦਾ ਸਰੀਰਕ ਭਾਰ ਕਾਫੀ ਵੱਧ ਗਿਆ ਸੀ।

“ਇਹਨਾਂ ਵਿਚੋਂ ਜਿਆਦਾਤਰ ਲੋਕ ਘਰਾਂ ਅੰਦਰ ਹੀ ਬੈਠੇ ਰਹਿੰਦੇ ਹਨ ਅਤੇ ਜੋ ਵੀ ਖਾਣਾ ਕਿਸੇ ਵੀ ਸਮੇਂ ਮਿਲੇ ਉਹ ਖਾ ਲੈਂਦੇ ਹਨ,” ਮਿਸ ਗਰੋਵਰ ਨੇ ਕਿਹਾ।

“ਤਾਲਾਬੰਦੀ ਦੌਰਾਨ ਕਈ ਲੋਕ ਇੱਕ ਦਿਨ ਵਿੱਚ ਪੰਜ ਜਾਂ ਛੇ ਵਾਰ ਵੀ ਖਾਣਾ ਖਾ ਰਹੇ ਹਨ ਕਿਉਂਕਿ ਉਹ ਕਿਸੇ ਵੀ ਸਮੇਂ ਰਸੋਈ ਵਿੱਚ ਜਾ ਸਕਦੇ ਹਨ”।

ਮਿਸ ਗਰੋਵਰ ਨੇ ਦੱਸਿਆ ਕਿ ਉਹਨਾਂ ਕੋਲ ਸਲਾਹ ਲੈਣ ਆਉਣ ਵਾਲੇ ਕਈ ਲੋਕਾਂ ਦਾ ਸ਼ੂਗਰ ਅਤੇ ਕੋਲੈਸਟਰੋਲ ਵੀ ਪਹਿਲਾਂ ਨਾਲੋਂ ਵਧ ਗਿਆ ਹੈ।

ਮਿਸ ਗਰੋਵਰ ਨੇ ਸਰੀਰਕ ਭਾਰ ਨੂੰ ਠੀਕ ਰੱਖਣ ਲਈ ਕਈ ਨੁਕਤੇ ਦੱਸੇ ਹਨ ਜਿੰਨਾ ਵਿੱਚ ਸ਼ਾਮਿਲ ਹੈ -

ਘਰਾਂ ਵਿੱਚ ਕੰਮ ਕਰਦੇ ਹੋਏ ਸਾਡੀ ਰਸੋਈ ਹਰ ਸਮੇਂ ਉਪਲੱਬਧ ਹੁੰਦੀ ਹੈ। ਇਸ ਲਈ ਲੋੜ ਹੈ ਕਿ ਇੱਕ ਸਮਾਂ ਸਾਰਣੀ ਬਣਾਈ ਜਾਵੇ ਅਤੇ ਉਸ ਅਨੁਸਾਰ ਹੀ ਖਾਣਾ ਖਾਧਾ ਜਾਵੇ।

ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਹੈ ਕਿ ਸਾਨੂੰ ਭੁੱਖ ਵੀ ਲੱਗੀ ਹੈ ਜਾਂ ਵੈਸੇ ਹੀ ਦੂਜਿਆਂ ਨੂੰ ਦੇਖ ਕੇ ਖਾਣ ਦਾ ਮਨ ਕਰ ਰਿਹਾ ਹੈ।

ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਣੇ ਰਸੋਈ ਦੇ ਫਰਿੱਜ ਵਿੱਚ ਜਿਆਦਾ ਸਬਜ਼ੀਆਂ ਅਤੇ ਫਲ਼ ਹੀ ਰੱਖੋ ਤਾਂ ਕਿ ਪੌਸ਼ਟਿਕ ਖਾਣਾ ਖਾਇਆ ਜਾ ਸਕੇ।

ਕੰਮ ਕਰਨ ਸਮੇਂ ਆਪਣੇ ਮੇਜ਼ ਤੇ ਪਾਣੀ ਦੀ ਬੋਤਲ ਰੱਖ ਲਵੋ ਤਾਂ ਕਿ ਵਾਰ-ਵਾਰ ਰਸੋਈ ਵਿੱਚ ਨਾ ਜਾਣਾ ਪਵੇ।

ਇਸ ਤੋਂ ਅਲਾਵਾ, ਦਫਤਰ ਜਾਣ ਸਮੇਂ ਕੀਤੀ ਯਾਤਰਾ ਤੋਂ ਬਚੇ ਹੋਏ ਸਮੇਂ ਨੂੰ ਕਸਰਤ ਕਰਨ ਵਿੱਚ ਬਿਤਾਓ।

ਆਪਣੀ ਪਸੰਦ ਦਾ ਕੋਈ ਨਾਚ, ਗਿੱਧਾ ਜਾਂ ਭੰਗੜਾ ਵੀ ਪਾਇਆ ਜਾ ਸਕਦਾ ਹੈ।

ਯੋਗਾ ਵਰਗੀਆਂ ਕਸਰਤਾਂ ਕਰਨ ਨਾਲ ਸ਼ਰੀਰ ਅਤੇ ਦਿਮਾਗ ਦੋਵੇਂ ਤੰਦਰੁਸਤ ਰਹਿ ਸਕਦੇ ਹਨ।

ਜੇ ਤੁਸੀਂ ਪਰਿਵਾਰ ਦੇ ਨਾਲ ਜਾਂ ਕਿਸੇ ਹੋਰ ਸਾਥੀ ਨਾਲ ਮਿਲ ਕੇ ਰਹਿ ਰਹੇ ਹੋ ਤਾਂ ਉਹਨਾਂ ਨੂੰ ਵੀ ਇੱਕ ਸਮਾਂ ਸਾਰਣੀ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕਰੋ।

ਘਰਾਂ ਤੋਂ ਕੰਮ ਕਰਦੇ ਹੋਏ ਜਿਆਦਾਤਰ ਅਸੀਂ ਢਿੱਲੇ ਅਤੇ ਅਰਾਮ ਦਾਇਕ ਕੱਪੜੇ ਹੀ ਪਾ ਕੇ ਰੱਖਦੇ ਹਾਂ। ਇਸ ਲਈ ਸਾਨੂੰ ਸਰੀਰਕ ਭਾਰ ਦੇ ਵਧਣ ਦਾ ਪਤਾ ਹੀ ਨਹੀਂ ਚਲਦਾ।

ਇਸ ਗੱਲ ਦੇ ਮੱਦੇਨਜ਼ਰ ਜਿਆਦਾ ਨਹੀਂ ਤਾਂ ਹਫ਼ਤੇ ਵਿੱਚ ਇੱਕ ਵਾਰ ਦਫਤਰ ਵਾਲੇ ਕੱਪੜੇ ਪਾ ਕੇ ਹੀ ਘਰ ਅੰਦਰ ਕੰਮ ਕਰੋ। ਇਸ ਨਾਲ ਇਹ ਪਤਾ ਚਲ ਜਾਵੇਗਾ ਕਿ ਤੁਹਾਨੂੰ ਇਹ ਕੱਪੜੇ ਪੂਰੇ ਵੀ ਆ ਰਹੇ ਹਨ ਜਾਂ ਨਹੀਂ।

ਮਿਸ ਗਰੋਵਰ ਕਹਿੰਦੀ ਹੈ, “ਸ਼ਰੀਰ ਦਾ ਭਾਰ ਵੱਧਦਾ ਤਾਂ ਬਹੁਤ ਤੇਜ਼ੀ ਨਾਲ ਹੈ, ਪਰ ਇਸ ਨੂੰ ਘਟਾਉਣ ਵਿੱਚ ਕਾਫੀ ਲੰਬਾ ਸਮਾਂ ਲੱਗ ਜਾਂਦਾ ਹੈ”।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ਸਪੀਕਰਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ 

ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।

ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।

ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ  ਉੱਤੇ ਉਪਲੱਬਧ ਹਨ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ । ਤੁਸੀਂ ਸਾਨੂੰ  'ਤੇ ਵੀ ਫ਼ਾਲੋ ਕਰ ਸਕਦੇ ਹੋ।   

Share