ਇੱਕ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਆਸਟ੍ਰੇਲੀਆ ਨੂੰ ਪੂਰੀ ਦੁਨੀਆਂ ਵਿੱਚ ਸਖਤ ਪ੍ਰਵਾਸ ਪਾਬੰਦੀਆਂ ਦੇ ਚਲਦਿਆਂ ਲਾਭ ਉਠਾਉਂਦਿਆਂ, ਕਰੋਨਾਵਾਇਰਸ ਤੋਂ ਪੈਦਾ ਹੋਈ ਸਥਿਤੀ ਨੂੰ ਬੇਹਤਰ ਕਰਨਾ ਚਾਹੀਦਾ ਹੈ।
ਆਸਟ੍ਰੇਲੀਆ ਦੀ ਆਰਥਿਕ ਵਿਕਾਸ ਲਈ ਕਮੇਟੀ (ਸੀ ਈ ਡੀ ਏ) ਦੇ ਸੋਮਵਾਰ ਨੂੰ ਜਾਰੀ ਕੀਤੇ ਗਏ ਇੱਕ ਨਵੇਂ ਅਧਿਐਨ ਵਿੱਚ, ਸਰਕਾਰ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਉਹ ਬਹੁ-ਰਾਸ਼ਟਰੀ ਕਾਰੋਬਾਰਾਂ ਨੂੰ ਆਸਟ੍ਰੇਲੀਆ ਵਿੱਚ ਵਧਣ ਵਿੱਚ ਸਹਾਇਤਾ ਲਈ ਨਵਾਂ “ਇੰਟਰਾ-ਕੰਪਨੀ ਟ੍ਰਾਂਸਫਰ” ਵੀਜ਼ਾ ਲਾਗੂ ਕਰੇ।
ਰਿਪੋਰਟ ਵਿੱਚ ਇਹ ਵੀ ਪਾਇਆ ਗਿਆ ਕਿ ਕੋਵਿਡ-19 ਦੇ ਪ੍ਰਬੰਧਨ ਵਿੱਚ ਆਸਟ੍ਰੇਲੀਆ ਦੀ ਸਫਲਤਾ ਨੇ ਦੇਸ਼ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਹੁਨਰਮੰਦ ਪ੍ਰਵਾਸੀਆਂ ਲਈ ਇੱਕ ਲੁਭਾਵਣੇ ਬਦਲ ਵਜੋਂ ਪੇਸ਼ ਕੀਤਾ ਹੈ, ਪਰ ਇਸ ਹਾਲਾਤ ਦਾ ਪੂਰਾ ਲਾਭ ਲੈਣ ਲਈ ਇਸ ਪ੍ਰਣਾਲੀ ਨਾਲ ਜੁੜੇ ਮੁੱਦਿਆਂ ਨੂੰ “ਅਗਲੇ ਕੁਝ ਮਹੀਨਿਆਂ ਵਿੱਚ” ਹੱਲ ਕਰਨ ਦੀ ਲੋੜ ਹੈ।
ਸੀ ਏ ਡੀ ਏ ਦੇ ਮੁੱਖ ਅਰਥ ਸ਼ਾਸਤਰੀ ਜੈਰਡ ਬੱਲ ਨੇ ਕਿਹਾ, “ਸਾਨੂੰ ਇਸ ਸਮੇਂ ਦੀ ਵਰਤੋਂ ਆਪਣੇ ਹੁਨਰਮੰਦ ਪ੍ਰਵਾਸ ਪ੍ਰਣਾਲੀ ਵਿੱਚ ਸੁਧਾਰ ਕਰਨ ਲਈ ਕਰਨੀ ਚਾਹੀਦੀ ਹੈ ਤਾਂ ਜੋ ਇਹ ਜ਼ਰੂਰੀ ਬਣਾਇਆ ਜਾ ਸਕੇ ਕਿ ਜਦੋਂ ਸਰਹੱਦਾਂ ਦੁਬਾਰਾ ਖੁੱਲ੍ਹਣ, ਤਾਂ ਆਸਟ੍ਰੇਲੀਆ ਇਸ ਲੜੀ ਵਿੱਚ ਸਭ ਤੋਂ ਉੱਪਰ ਹੋਵੇ।”
ਕੋਵਿਡ ਮਹਾਂਮਾਰੀ ਤੋਂ ਪਹਿਲਾਂ ਅਸਥਾਈ ਪ੍ਰਵਾਸ ਬਾਰੇ ਸੈਨੇਟ ਵਿੱਚ ਚੱਲ ਰਹੀ ਜਾਂਚ ਵਿੱਚ ਪ੍ਰਵਾਸੀਆਂ ਨੂੰ ਆਸਟ੍ਰੇਲੀਆ ਦੀ 'ਰਿਕਵਰੀ' ਦਾ ਇੱਕ ਮਹੱਤਵਪੂਰਣ ਹਿੱਸਾ ਹੋਣ ਬਾਰੇ ਦੱਸਿਆ ਗਿਆ ਸੀ।
ਇਸ ਦੌਰਾਨ ਭਵਿੱਖਬਾਣੀ ਕੀਤੀ ਗਈ ਹੈ ਕਿ ਵਿੱਤੀ ਸਾਲ 2020-21 ਵਿੱਚ ਆਸਟ੍ਰੇਲੀਆ ਦੀ ਪਰਵਾਸ ਦਰ ਵਿੱਚ 85 ਪ੍ਰਤੀਸ਼ਤ ਦੀ ਗਿਰਾਵਟ ਆਵੇਗੀ, ਅਤੇ ਇਸ ਦੇ ਚਲਦਿਆਂ ਇਸ ਸਾਲ ਅਤੇ ਅਗਲੇ ਸਾਲ ਰਾਸ਼ਟਰੀ ਆਮਦਨੀ 50 ਬਿਲੀਅਨ ਤੱਕ ਘੱਟਣ ਦੀ ਸੰਭਾਵਨਾ ਹੈ।

Source: SBS
ਅਜੇ ਪਿਛਲੇ ਹਫ਼ਤੇ ਹੀ ਸਰਕਾਰ ਨੇ ਆਸਟ੍ਰੇਲੀਆ ਆਉਣ ਲਈ ਅਸਥਾਈ ਪ੍ਰਵਾਸੀਆਂ ਨੂੰ ਲੁਭਾਉਣ ਲਈ ਇੱਕ ਨਵੀਂ ਤਰਜੀਹ ਹੁਨਰ ਸੂਚੀ ਦੀ ਘੋਸ਼ਣਾ ਕੀਤੀ, ਜਿਨ੍ਹਾਂ ਵਿੱਚ ਨਰਸਾਂ, ਡਾਕਟਰ, ਨਿਰਮਾਣ ਪ੍ਰਬੰਧਕ ਅਤੇ ਸਾਫਟਵੇਅਰ ਇੰਜੀਨੀਅਰ ਸ਼ਾਮਲ ਹਨ।
ਜਿਹੜੇ ਲੋਕ 17 ਨਿਰਧਾਰਤ ਸ਼੍ਰੇਣੀਆਂ ਦੇ ਅਧੀਨ ਆਉਂਦੇ ਹਨ ਉਨ੍ਹਾਂ ਨੂੰ ਯਾਤਰਾ ਦੀ ਛੋਟ ਲਈ ਤਰਜੀਹ ਦਿੱਤੀ ਜਾਏਗੀ ਜੋ ਉਨ੍ਹਾਂ ਨੂੰ ਆਸਟ੍ਰੇਲੀਆ ਵਿੱਚ ਦਾਖਲ ਹੋਣ ਲਈ ਸਹਾਈ ਹੋਵੇਗੀ, ਪਰ ਫਿਰ ਵੀ ਉਨ੍ਹਾਂ ਨੂੰ ਆਪਣੇ ਖਰਚੇ 'ਤੇ 14 ਦਿਨਾਂ ਦੀ ਨਿਗਰਾਨੀ ਹੇਠਲੀ ਕੁਆਰਨਟੀਨ ਜਰੂਰਤ ਪੂਰੀ ਕਰਨੀ ਪਏਗੀ।
ਸੀ ਈ ਡੀ ਏ ਦੀ ਰਿਪੋਰਟ ਵਿੱਚ ਕਿਹਾ ਗਿਆ ਕਿ ਜੌਬਕਿੱਪਰ ਅਤੇ ਜੌਬਸੀਕਰ ਲਾਭ ਨੂੰ ਆਰਜ਼ੀ ਪ੍ਰਵਾਸੀਆਂ ਤੱਕ ਵਧਾਇਆ ਜਾਣਾ ਚਾਹੀਦਾ ਹੈ, ਕਿਓਂਕਿ ਉਨ੍ਹਾਂ ਵਿੱਚੋਂ ਬਹੁਤ ਸਾਰੇ ਜੋ ਨੌਕਰੀ ਤੋਂ ਬਗ਼ੈਰ ਹਨ ਅਤੇ ਸਰਹੱਦ ਦੇ ਬੰਦ ਹੋਣ ਕਾਰਨ ਘਰ ਵਾਪਸ ਨਹੀਂ ਜਾ ਪਾ ਰਹੇ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੋਵਿਡ-ਮਹਾਂਮਾਰੀ ਦੀ ਸ਼ੁਰੂਆਤ ਦੇ ਬਾਅਦ, ਮਾਰਚ ਵਿੱਚ 2.17 ਮਿਲੀਅਨ ਤੋਂ ਵੀ ਵੱਧ ਅਸਥਾਈ ਪ੍ਰਵਾਸੀ ਆਸਟ੍ਰੇਲੀਆ ਵਿੱਚ ਰਹਿੰਦੇ ਸਨ।
ਅਸਥਾਈ ਪ੍ਰਵਾਸੀਆਂ ਲਈ ਸਰਕਾਰ ਦੀ ਹਮਾਇਤ ਨਾਕਾਫੀ ਰਹੀ ਹੈ ਜਦਕਿ ਨਿਊਜ਼ੀਲੈਂਡ, ਕਨੇਡਾ ਅਤੇ ਬ੍ਰਿਟੇਨ ਵਰਗੇ ਮੁਲਕਾਂ ਨੇ ਆਪਣੇ ਤਨਖਾਹ ਸਬਸਿਡੀ ਦੇ ਪ੍ਰੋਗਰਾਮ ਨੂੰ ਆਰਜ਼ੀ ਨਿਵਾਸੀਆਂ ਲਈ ਵੀ ਲਾਗੂ ਕੀਤਾ ਹੈ।
ਰਿਪੋਰਟ ਵਿੱਚ ਕਿਹਾ ਗਿਆ ਹੈ, “ਆਸਟ੍ਰੇਲੀਆ ਨੂੰ ਬਿਨਾਂ ਦੇਰੀ ਕੀਤੇ ਅਜਿਹਾ ਕਰਨਾ ਚਾਹੀਦਾ ਹੈ"।
ਅਸਥਾਈ ਪ੍ਰਵਾਸੀਆਂ ਲਈ ਵਧੇਰੇ ਸਹਾਇਤਾ ਲਈ ਆਵਾਜ਼ ਉਠਾਈ ਜਾ ਰਹੀ ਹੈ, ਬਹੁਤ ਸਾਰੇ ਲੋੜਵੰਦ ਕਹਿੰਦੇ ਹਨ ਕਿ ਉਹ ਕਰੋਨਾਵਾਇਰਸ ਤਾਲਾਬੰਦੀ ਕਾਰਨ ਬੇਰੁਜ਼ਗਾਰ ਅਤੇ ਬੇਘਰ ਹੋਣ ਲਈ ਮਜਬੂਰ ਹੋਏ ਹਨ।
ਯੂਨੀਅਨ ਐਨ ਐਸ ਡਬਲਯੂ ਦੁਆਰਾ ਪਿਛਲੇ ਮਹੀਨੇ ਜਾਰੀ ਕੀਤੇ ਗਏ 5,000 ਤੋਂ ਵੱਧ ਅਸਥਾਈ ਪ੍ਰਵਾਸੀਆਂ ਦੇ ਇੱਕ ਸਰਵੇਖਣ ਵਿੱਚ ਪਾਇਆ ਗਿਆ ਕਿ 65 ਪ੍ਰਤੀਸ਼ਤ ਨੇ ਕੋਵਿਡ-19 ਦੇ ਸਿੱਧੇ ਨਤੀਜੇ ਵਜੋਂ ਰੁਜ਼ਗਾਰ ਗੁਆ ਦਿੱਤਾ ਹੈ, ਅਤੇ ਇਸੇ ਨਤੀਜੇ ਵਜੋਂ 43 ਫੀਸਦ ਲੋਕਾਂ ਨੂੰ ਖਾਣੇ-ਦਾਣੇ ਵਿੱਚ ਦਿੱਕਤ ਆਈ ਹੈ।
ਅਸਥਾਈ ਪ੍ਰਵਾਸ ਬਾਰੇ ਸੰਸਦ ਦੀ ਚੋਣਵੀਂ ਕਮੇਟੀ ਦਸੰਬਰ ਵਿੱਚ ਜਾਂਚ ਦੇ ਨਤੀਜਿਆਂ ਬਾਰੇ ਇੱਕ ਰਿਪੋਰਟ ਦੇਵੇਗੀ।
ਪੂਰੀ ਰਿਪੋਰਟ ਸੁਣਨ ਲਈ ਉੱਪਰ ਫੋਟੋ ਉੱਤੇ ਦਿੱਤੇ ਆਡੀਓ ਲਿੰਕ ਉੱਤੇ ਕਲਿਕ ਕਰੋ....
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ।
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ ਉੱਤੇ ਉਪਲਬਧ ਹਨ।