ਮਾਰਚ 2021 ਵਿੱਚ ਆਸਟ੍ਰੇਲੀਆ ਵਿੱਚ ਬ੍ਰਿਜਿੰਗ ਵੀਜ਼ਾ ਧਾਰਕਾਂ ਦੀ ਗਿਣਤੀ 350,000 ਤੋਂ ਵੀ ਵਧਕੇ ਹੁਣ ਤੱਕ ਦੇ ਆਪਣੇ ਸਭ ਤੋਂ ਉੱਚੇ ਪੱਧਰ ਉੱਤੇ ਪਹੁੰਚ ਗਈ ਹੈ।
ਸਿਡਨੀ ਦੇ ਐਲਨ ਰਿਗਾਸ ਸੋਲਿਸਿਟਰਸ ਤੋਂ ਐਲਨ ਰਿਗਾਸ ਦਾ ਕਹਿਣਾ ਹੈ ਕਿ 'ਆਸਟ੍ਰੇਲੀਅਨ ਮਾਈਗ੍ਰੇਸ਼ਨ ਜ਼ੋਨ' ਵਿੱਚ ਹਰ ਕੋਈ ਕਾਨੂੰਨੀ ਤੌਰ 'ਤੇ ਜਾਇਜ਼ ਹੋਣਾ ਚਾਹੀਦਾ ਹੈ, ਅਤੇ ਜਦੋਂ ਕੋਈ ਉਨ੍ਹਾਂ ਦੇ ਨਵੇਂ ਵੀਜ਼ੇ ਦੀ ਉਡੀਕ ਕਰ ਰਿਹਾ ਹੁੰਦਾ ਹੈ ਅਤੇ ਉਨ੍ਹਾਂ ਦਾ ਪੁਰਾਣਾ ਵੀਜ਼ਾ ਖਤਮ ਹੋ ਗਿਆ ਹੁੰਦਾ ਹੈ ਤਾਂ ਬ੍ਰਿਜਿੰਗ ਵੀਜ਼ਾ ਉਨ੍ਹਾਂ ਕਾਨੂੰਨੀ ਤੌਰ 'ਤੇ ਦੇਸ਼ ਵਿੱਚ ਰਹਿਣ ਦੀ ਆਗਿਆ ਦਿੰਦਾ ਹੈ।
ਸ਼੍ਰੀ ਰਿਗਾਸ ਸਮਝਾਉਂਦੇ ਹਨ ਕਿ ਆਮ ਤੌਰ 'ਤੇ ਬ੍ਰਿਜਿੰਗ ਵੀਜ਼ੇ ਦੀਆਂ ਸ਼ਰਤਾਂ ਪੁਰਾਣੇ ਵੀਜ਼ੇ ਦੇ ਸਮਾਨ ਹੁੰਦੀਆਂ ਹਨ।
ਪਾਕੇਟ ਲੀਗਲ ਅਤੇ ਇਮੀਗ੍ਰੇਸ਼ਨ ਮਾਹਿਰਾਂ ਦੇ ਵਕੀਲ ਰਵੀ ਵਾਸਵਾਨੀ ਦੱਸਦੇ ਹਨ ਕਿ ਇੱਕ 'ਬ੍ਰਿਜਿੰਗ ਵੀਜ਼ਾ ਬੀ', ਲੋਕਾਂ ਨੂੰ ਉਨ੍ਹਾਂ ਦੀ ਅਸਲ ਵੀਜ਼ਾ ਅਰਜ਼ੀ ਦੀ ਪ੍ਰਕਿਰਿਆ ਦੌਰਾਨ ਇੱਕ ਨਿਰਧਾਰਤ ਯਾਤਰਾ ਅਵਧੀ ਲਈ ਆਸਟ੍ਰੇਲੀਆ ਛੱਡਣ ਅਤੇ ਵਾਪਸ ਆਉਣ ਦੀ ਆਗਿਆ ਦਿੰਦਾ ਹੈ।
ਸਿਰਫ 'ਬ੍ਰਿਜਿੰਗ ਵੀਜ਼ਾ ਏ' ਵਾਲੇ ਲੋਕ ਜਾਂ ਪਹਿਲਾਂ ਹੀ 'ਬ੍ਰਿਜਿੰਗ ਵੀਜ਼ਾ ਬੀ' 'ਤੇ ਮੌਜੂਦ ਲੋਕ ਹੀ 'ਬੀ ਵੀ ਬੀ' ਲਈ ਅਰਜ਼ੀ ਦੇ ਸਕਦੇ ਹਨ।
ਸ਼੍ਰੀ ਵਾਸਵਾਨੀ ਦਾ ਕਹਿਣਾ ਹੈ ਕਿ ਬ੍ਰਿਜਿੰਗ ਵੀਜ਼ੇ ਦੀਆਂ ਹੋਰ ਵੀ ਕਈ ਕਿਸਮਾਂ ਹਨ ਅਤੇ ਉਨ੍ਹਾਂ ਦੇ ਅਧਿਕਾਰ ਕਾਫੀ ਵੱਖਰੇ ਹੋ ਸਕਦੇ ਹਨ।
ਸ਼੍ਰੀ ਵਾਸਵਾਨੀ ਦੱਸਦੇ ਹਨ ਕਿ 'ਬ੍ਰਿਜਿੰਗ ਵੀਜ਼ਾ ਸੀ' ਆਮ ਤੌਰ 'ਤੇ ਤੁਹਾਡਾ ਮੌਜੂਦਾ ਬ੍ਰਿਜਿੰਗ ਵੀਜ਼ਾ ਖਤਮ ਹੋਣ ਤੋਂ ਬਾਅਦ ਅਤੇ ਤੁਹਾਡੀ ਨਵੀਂ ਵੀਜ਼ਾ ਅਰਜ਼ੀ ਦੀ ਪ੍ਰਕਿਰਿਆ ਦੌਰਾਨ ਤੁਹਾਨੂੰ ਆਸਟ੍ਰੇਲੀਆ ਵਿੱਚ ਰਹਿਣ ਦੀ ਇਜਾਜ਼ਤ ਦਿੰਦਾ ਹੈ। ਇਸ ਵੀਜ਼ੇ ਤਹਿਤ ਆਮ ਤੌਰ 'ਤੇ ਕੰਮ ਦੇ ਅਧਿਕਾਰ ਨਹੀਂ ਮਿਲਦੇ।

ਮਾਰਚ 2021 ਵਿੱਚ, ਆਸਟ੍ਰੇਲੀਆ ਵਿੱਚ ਬ੍ਰਿਜਿੰਗ ਵੀਜ਼ਾ ਧਾਰਕਾਂ ਦੀ ਗਿਣਤੀ 350,000 ਤੋਂ ਵੱਧ ਦੇ ਇਤਿਹਾਸਕ ਪੱਧਰ ਤੇ ਪਹੁੰਚ ਗਈ ਹੈ। Source: Getty Images
'ਬ੍ਰਿਜਿੰਗ ਵੀਜ਼ਾ ਈ' ਤੁਹਾਨੂੰ ਉਦੋਂ ਤੱਕ ਆਸਟ੍ਰੇਲੀਆ ਵਿੱਚ ਕਨੂੰਨੀ ਤੌਰ 'ਤੇ ਰਹਿਣ ਦੀ ਇਜਾਜ਼ਤ ਦਿੰਦਾ ਹੈ ਜਦੋਂ ਤੁਸੀਂ ਵਾਪਸ ਜਾਣ ਦਾ ਪ੍ਰਬੰਧ ਕਰ ਰਹੇ ਹੁੰਦੇ ਹੋ, ਆਪਣੇ ਇਮੀਗ੍ਰੇਸ਼ਨ ਮਾਮਲੇ ਨੂੰ ਅੰਤਮ ਰੂਪ ਦੇ ਰਹੇ ਹੁੰਦੇ ਹੋ ਜਾਂ ਇਮੀਗ੍ਰੇਸ਼ਨ ਦੇ ਫੈਸਲੇ ਦੀ ਉਡੀਕ ਕਰਦੇ ਹੋ। ਇਸ ਵੀਜ਼ੇ ਉੱਤੇ ਵੀ ਆਮ ਤੌਰ 'ਤੇ ਕੰਮ ਦੇ ਅਧਿਕਾਰ ਨਹੀਂ ਦਿੱਤੇ ਜਾਂਦੇ।
ਪਰ ਸ਼੍ਰੀ ਰਿਗਾਸ ਦੱਸਦੇ ਹਨ ਕਿ ਇੱਕ ਗੈਰ-ਨਾਗਰਿਕ ਜਿਸਨੂੰ ਕੰਮ ਦੇ ਅਧਿਕਾਰਾਂ ਤੋਂ ਬਿਨਾਂ ਬ੍ਰਿਜਿੰਗ ਵੀਜ਼ਾ ਦਿੱਤਾ ਗਿਆ ਹੈ, ਉਹ ਕੰਮ ਕਰਨ ਦੀ ਇਜਾਜ਼ਤ ਲਈ ਅਰਜ਼ੀ ਦੇ ਸਕਦਾ ਹੈ।
ਸ਼੍ਰੀ ਰਿਗਾਸ ਦਾ ਕਹਿਣਾ ਹੈ ਕਿ ਇਨ੍ਹਾਂ ਵੀਜ਼ਿਆਂ ਦੀ ਵੈਧਤਾ ਦੀ ਮਿਆਦ ਵੀ ਵੱਖਰੀ ਹੁੰਦੀ ਹੈ ਜੋ ਕਿ 'ਬ੍ਰਿਜਿੰਗ ਵੀਜ਼ਾ ਧਾਰਕ' ਦੇ ਹਾਲਾਤਾਂ 'ਤੇ ਵੀ ਨਿਰਭਰ ਕਰਦੀ ਹੈ।

ਕਈ ਵਾਰ ਬੀ ਵੀ ਈ ਵੀਜ਼ਾ ਕੰਮ ਦੇ ਅਧਿਕਾਰਾਂ ਨਾਲ ਜਾਰੀ ਨਹੀਂ ਕੀਤਾ ਜਾਂਦਾ। Source: Burst/Pexels
ਇਸ ਤੋਂ ਇਲਾਵਾ ਕੁਝ ਅਜਿਹੇ ਬ੍ਰਿਜਿੰਗ ਵੀਜ਼ੇ ਵੀ ਉਪਲਬਧ ਹਨ ਜੋ ਕੁਝ ਖਾਸ ਹਾਲਾਤਾਂ ਵਿੱਚ ਹੀ ਦਿੱਤੇ ਜਾਂਦੇ ਹਨ।
'ਬ੍ਰਿਜਿੰਗ ਵੀਜ਼ਾ ਡੀ' ਉਦੋਂ ਦਿੱਤਾ ਜਾਂਦਾ ਹੈ ਜਦੋਂ ਕੋਈ ਕੋਸ਼ਿਸ਼ ਕਰਨ ਦੇ ਬਾਵਜੂਦ ਅਸਲ ਵੀਜ਼ੇ ਲਈ ਅਰਜ਼ੀ ਦੇਣ ਵਿੱਚ ਅਸਮਰੱਥ ਹੁੰਦਾ ਹੈ - ਉਦਾਹਰਣ ਵਜੋਂ, ਇੱਕ ਅਧਿਕਾਰਤ ਅਧਿਕਾਰੀ ਉਸ ਸਮੇਂ ਉਨ੍ਹਾਂ ਦੀ ਇੰਟਰਵਿਊ ਲੈਣ ਲਈ ਉਪਲਬਧ ਨਹੀਂ ਸੀ, ਜਾਂ ਉਨ੍ਹਾਂ ਨੇ ਕੋਈ ਗਲਤ ਵੀਜ਼ਾ ਅਰਜ਼ੀ ਫਾਰਮ ਭਰ ਦਿੱਤਾ ਸੀ। ਪਰ ਅਜਿਹਾ ਓਦੋਂ ਹੁੰਦਾ ਹੈ ਜਦੋ ਉਹ ਅਗਲੇ ਪੰਜ ਕਾਰਜਕਾਰੀ ਦਿਨਾਂ ਦੇ ਅੰਦਰ ਅਜਿਹਾ ਕਰ ਸਕਣ। ਫਿਰ ਉਹ 'ਬੀ ਵੀ ਸੀ' ਵੀਜ਼ੇ ਦੇ ਯੋਗ ਹੋ ਸਕਦੇ ਹਨ।
'ਬ੍ਰਿਜਿੰਗ ਵੀਜ਼ਾ ਆਰ' ਇਮੀਗ੍ਰੇਸ਼ਨ ਹਿਰਾਸਤ ਵਾਲੇ ਲੋਕਾਂ ਲਈ ਹੈ ਜਿਨ੍ਹਾਂ ਨੂੰ ਆਸਟ੍ਰੇਲੀਆ ਤੋਂ ਕੱਢਣਾ ਵਾਜਬ ਤੌਰ 'ਤੇ ਵਿਹਾਰਕ ਨਹੀਂ ਹੈ। ਇਹ ਉਨ੍ਹਾਂ ਨੂੰ ਉਨ੍ਹਾਂ ਦੇ ਹਟਾਏ ਜਾਣ ਤੱਕ ਨਜ਼ਰਬੰਦੀ ਤੋਂ ਰਿਹਾ ਕਰਨ ਦੀ ਆਗਿਆ ਦਿੰਦਾ ਹੈ।
'ਬ੍ਰਿਜਿੰਗ ਵੀਜ਼ਾ ਐਫ' ਦੀ ਵਰਤੋਂ ਸਿਰਫ ਤਸਕਰੀ ਜਾਂ ਗੁਲਾਮੀ ਦੇ ਸ਼ੱਕੀ ਪੀੜਤਾਂ ਲਈ ਕੀਤੀ ਜਾਂਦੀ ਹੈ ਜਿਨ੍ਹਾਂ ਕੋਲ ਅਸਲ ਵੀਜ਼ਾ ਨਹੀਂ ਹੁੰਦਾ। ਇਸ ਕਿਸਮ ਦਾ ਵੀਜ਼ਾ ਬਹੁਤ ਘੱਟ ਦਿੱਤਾ ਜਾਂਦਾ ਹੈ।
ਕੁਝ ਮਾਮਲਿਆਂ ਵਿੱਚ ਬ੍ਰਿਜਿੰਗ ਵੀਜ਼ੇ ਲਈ ਸਿੱਧਾ ਗ੍ਰਹਿ ਵਿਭਾਗ ਨੂੰ ਅਰਜ਼ੀ ਦੇਣੀ ਸੰਭਵ ਹੈ ਪਰ ਇਹ ਗੁੰਝਲਦਾਰ ਸਥਿਤੀਆਂ ਵਿੱਚ ਜਿੰਨੀ ਛੇਤੀ ਹੋ ਸਕੇ ਕਰਨਾ ਚਾਹੀਦਾ ਹੈ।
ਇਸ ਦੌਰਾਨ ਕਾਨੂੰਨੀ ਸਲਾਹ ਲੈਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ ਖਾਸ ਕਰਕੇ ਜਦੋਂ ਵੀਜ਼ੇ ਦੀ ਮਿਆਦ ਖਤਮ ਹੋ ਗਈ ਹੋਵੇ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ ਉੱਤੇ ਉਪਲਬਧ ਹੈ।