ਕਿਰਨ ਸੰਧੂ ਪੰਜਾਬ ਦੇ ਜਲੰਧਰ ਜਿਲ੍ਹੇ ਨਾਲ ਸਬੰਧਤ ਹੈ ਜਿਥੇ ਉਸ ਦਾ ਪਿਆਰ ਬਾਸਕਟਬਾਲ ਨਾਲ ਪਿਆਰ ਮੈਦਾਨ ਦੇ ਆਲੇ ਦੁਆਲੇ ਸਾਈਕਲ ਚਲਾਉਂਦੇ ਸਮੇਂ ਪਿਆ। ਆਪਣੇ ਸਕੂਲ ਤੇ ਫਿਰ ਕਾਲਜ ਵਾਸਤੇ ਬਾਸਕਟਬਾਲ ਖੇਡਣ ਤੋਂ ਬਾਦ ਕਿਰਨ ਨੇ ਇਸ ਖੇਡ ਵਿੱਚ ਨੈਸ਼ਨਲ ਲੈਵਲ ਤੱਕ ਵੀ ਹਿਸਾ ਲਿਆ। 1980 ਦੀ ਏਸ਼ੀਅਨ ਬਾਸਕੇਟਬਾਲ ਚੈਂਪੀਅਨਸ਼ਿਪ ਤੱਕ ਇਸ ਨੂੰ ਖੇਡਿਆ ਤੇ ਇਸੇ ਸਾਲ ਹੀ ਇਹਨਾਂ ਨੂੰ ਦਿੱਲੀ ਸਰਕਾਰ ਨੇ ‘ਬੇਸਟ ਸਪੋਰਟਸ ਵੂਮੇਨ’ ਦਾ ਵੀ ਖਿਤਾਬ ਪ੍ਰਦਾਨ ਕੀਤਾ। ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਇਹ ਨਾ ਪਤਾ ਹੋਵੇ ਕਿ ਕਿਰਨ ਦੇ ਨਾਮ ਦਾ ਦਿੱਲੀ ਵਿੱਚ ਲੋਧੀ ਰੋਡ ਉਤੇ ਸਥਿੱਤ ਇਕ ਫਲਾਈਓਵਰ ਵੀ ਹੈ।
ਬਾਸਕਟਬਾਲ ਪ੍ਰਤੀ ਆਪਣੀ ਲਗਨ ਅਤੇ ਪਿਆਰ ਸਦਕਾ ਕਿਰਨ ਸੰਧੂ ਨੂੰ ਕਈ ਸਕਾਲਰਸ਼ਿੱਪ, ਸਨਮਾਨ ਅਤੇ ਹੋਰ ਪ੍ਰਮਾਣਪੱਤਰ ਵੀ ਹਾਸਲ ਹੋਏ। ਪਰ ਇਹ ਸਾਰਾ ਕੁੱਝ ਕਿਰਨ ਵਾਸਤੇ ਕਾਫੀ ਨਹੀਂ ਸੀ ਕਿਉਂਕਿ ਇਹ ਸਮਾਜ ਅਤੇ ਖਾਸ ਕਰਕੇ ਕੁੜੀਆਂ ਵਾਸਤੇ ਖੇਡਾਂ ਦੇ ਖੇਤਰ ਵਿੱਚ ਕੁਝ ਹੋਰ ਕਰਨਾਂ ਚਾਹੁੰਦੇ ਸਨ। ਦਿੱਲੀ ਦੇ ਦੋਲਤਰਾਮ ਕਾਲਜ ਵਿੱਚ ਬਤੋਰ ਸਪੋਰਟਸ ਡਾਇਰੇਕਟਰ ਕੰਮ ਕਰਦੇ ਹੋਏ ਕਿਰਨ ਨੇ ਦਿੱਲੀ ਯੂਨੀਵਰਸਿਟੀ ਨੂੰ ਅਪੀਲ ਕੀਤੀ ਕਿ ਉੱਥੇ ਇਕ ਨਵਾਂ ਵਿਭਾਗ ਸ਼ੁਰੂ ਕੀਤਾ ਜਾਵੇ ਜਿਸ ਵਿੱਚ ਖਿਡਾਰੀ ਆ ਕੇ ਖੋਜ ਦੇ ਨਾਲ ਨਾਲ ਕੰਮਪੀਟੀਟਿਵ ਸਟਡੀਜ਼ ਵਗੈਰਾ ਵੀ ਕਰ ਸਕਣ। ਕਾਫੀ ਔਕੜਾਂ ਅਤੇ ਜੱਦੋਜਹਿਦ ਤੋਂ ਬਾਦ ਕਿਰਨ ਦਾ ਇਹ ਸੁਪਨਾਂ ਸਾਲ 2006 ਵਿੱਚ ਪੂਰਾ ਹੋ ਸਕਿਆ ਅਤੇ ਦਿੱਲੀ ਯੂਨੀਵਰਸਿਟੀ ਨੇ ਇਕ ਨਵਾਂ ‘ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ’ ਨਾਮੀ ਵਿਭਾਗ ਸ਼ੁਰੂ ਕਰ ਦਿੱਤਾ।
ਇਸ ਸਮੇਂ ਕਿਰਨ ਸੰਧੂ ਪੱਛਮੀ ਆਸਟ੍ਰੇਲੀਆ ਦੇ ਪਰਥ ਸ਼ਹਿਰ ਵਿੱਚ ਕਾਰਜਸ਼ੀਲ ਹਨ, ਅਤੇ ਸਕੂਲੀ ਬੱਚਿਆਂ ਵਾਸਤੇ ਇੱਕ ਐਸਕਚੇਂਜ ਪਰੋਗਰਾਮ ਚਲਾ ਰਹੇ ਹਨ ਜਿਸ ਦੁਆਰਾ ਭਾਰਤੀ ਬੱਚੇ ਆਸਟ੍ਰੇਲੀਆ ਆ ਕੇ ਅਤੇ ਇਥੋਂ ਦੇ ਬੱਚੇ ਭਾਰਤ ਵਿੱਚ ਜਾ ਕਿ ਆਪਣੇ ਤਜਰਬਿਆਂ ਨੂੰ ਹੋਰ ਵੀ ਮਜਬੂਤ ਕਰ ਸਕਦੇ ਹਨ। ਇਹਨਾਂ ਸਭ ਤੋਂ ਵਿਹਲ ਕੱਢ ਕੇ ਕਿਰਨ ਸਮਾਜ ਦੇ ਹੋਰ ਕਈ ਕੰਮਾਂ ਵਿੱਚ ਵੀ ਮੋਹਰੀ ਰਹਿੰਦੇ ਹਨ। ਸਾਲ 2004 ਵਾਲੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੋਰਾਨ ਕਿਰਨ ਨੇ ਸਕੱਤਰ ਦੀ ਅਹਿਮ ਭੂਮਿਕਾ ਵੀ ਨਿਭਾਈ ਸੀ। ਹੁਣ ਵੀ ਭਵਿੱਖ ਵਿੱਚ ਕਿਰਨ ਸੰਧੂ ਨੇ ਬਹੁਤ ਕੁਝ ਹੋਰ ਕਰਨ ਦੀ ਠਾਣੀ ਹੋਈ ਹੈ।