ਮਹਾਂਮਾਰੀ ਕਾਰਨ ਲੱਗੇ ਲੌਕਡਾਊਨ ਅਤੇ ਦੋ ਸਾਲਾਂ ਦੀਆਂ ਬਾਰਡਰ ਪਾਬੰਦੀਆਂ ਤੋਂ ਬਾਅਦ ਅੰਤਰਰਾਸ਼ਟਰੀ ਯਾਤਰਾ ਕਰਨ ਲਈ ਉਤਸੁਕ ਬਹੁਤ ਸਾਰੇ ਆਸਟ੍ਰੇਲੀਅਨਾਂ ਨੂੰ ਹਵਾਈ ਸਫ਼ਰ ਲਈ ਵੱਧ ਕਿਰਾਏ ਅਤੇ ਸੀਮਤ ਚੋਣ ਦਾ ਸਾਹਮਣਾ ਕਰਨਾ ਪਿਆ।
ਮਾਹਰਾਂ ਨੇ ਐਸ ਬੀ ਅੇਸ ਨਿਊਜ਼ ਨੂੰ ਦੱਸਿਆ ਕਿ ਹਵਾਈ ਯਾਤਰਾ ਦੀਆਂ ਇੰਨ੍ਹਾਂ ਸਮੱਸਿਆਵਾਂ ਪਿੱਛੇ ਬਹੁਤ ਸਾਰੇ ਕਾਰਨ ਹਨ ਜਿੰਨ੍ਹਾਂ ਦਾ ਅਜੇ ਜਲਦੀ ਕੋਈ ਹੱਲ ਨਹੀਂ ਹੋ ਸਕੇਗਾ। ਦਰਅਸਲ ਇਸਦਾ ਇੱਕ ਕਾਰਨ ਵੱਧ ਰਹੀ ਮੰਗ ਨੂੰ ਕਿਹਾ ਜਾ ਸਕਦਾ ਹੈ।
ਸਤੰਬਰ ਦੇ ਮਹੀਨੇ ਆਸਟ੍ਰੇਲੀਅਨ ਕੰਪੀਟੀਸ਼ਨਜ਼ ਐਂਡ ਕੰਜ਼ਿਊਮਰ ਕਮਿਸ਼ਨ ਨੇ ਆਸਟ੍ਰੇਲੀਆ ਵਿੱਚ ਏਅਰਲਾਈਨ ਕੰਪੀਟੀਸ਼ਨਜ਼ ਦੀ ਆਪਣੀ ਤਿਮਾਹੀ ਰਿਪੋਰਟ ਜਾਰੀ ਕੀਤੀ ਸੀ।
ਇਸ ਰਿਪੋਰਟ ਵਿੱਚ ਇਹ ਪਾਇਆ ਗਿਆ ਕਿ ਇਸ ਸਾਲ ਅਪ੍ਰੈਲ ਅਤੇ ਅਗਸਤ ਦਰਮਿਆਨ ਘਰੇਲੂ ਹਵਾਈ ਕਿਰਾਏ ਵਿੱਚ ਕਾਫੀ ਵਾਧਾ ਹੋਇਆ ਹੈ।
ਆਸਟ੍ਰੇਲੀਅਨ ਕੰਪੀਟੀਸ਼ਨਜ਼ ਐਂਡ ਕੰਜ਼ਿਊਮਰ ਕਮਿਸ਼ਨ ਮੁਤਾਬਕ ਸਭ ਤੋਂ ਸਸਤੇ ਇਕੋਨਮੀ ਹਵਾਈ ਯਾਤਰਾ ਦੇ ਕਿਰਾਏ ਵੀ ਅਪ੍ਰੈਲ 2022 ਦੇ ਮੁਕਾਬਲੇ ਅਗਸਤ 2022 ਵਿੱਚ 56 ਫੀਸਦ ਵੱਧ ਸਨ।
ਯੂਨੀਵਰਸਿਟੀ ਆਫ ਟੈਕਨਾਲੋਜੀ ਸਿਡਨੀ ਦੇ ਸੈਰ-ਸਪਾਟੇ ਦੇ ਸਹਾਇਕ ਸਾਥੀ ਅਤੇ ਟੂਰਿਜ਼ਮ ਕਰਾਈਸਿਜ਼ ਐਂਡ ਡੈਸਟੀਨੇਸ਼ਨ ਰਿਕਵਰੀ ਦੇ ਲੇਖਕ ਡੇਵਿਡ ਬੇਇਰਮੈਨ ਦਾ ਕਹਿਣਾ ਹੈ ਕਿ ਕੋਵਿਡ-19 ਮਹਾਂਮਾਰੀ ਨੇ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੀਆਂ ਕੀਮਤਾਂ ਵਧਣ ਵਿੱਚ ਕਾਫੀ ਯੋਗਦਾਨ ਪਾਇਆ ਹੈ।
ਇਸ ਤੋਂ ਇਲਾਵਾ ਲੇਖਕ ਡੇਵਿਡ ਬੇਇਰਮੈਨ ਦਾ ਮੰਨਣਾ ਹੈ ਕਿ ਹੋਰ ਵੀ ਬਹੁਤ ਸਾਰੇ ਕਾਰਨ ਕਿਰਾਏ ਵੱਧਣ ਲਈ ਜ਼ਿੰਮੇਵਾਰ ਮੰਨੇ ਜਾ ਸਕਦੇ ਹਨ ਜਿਵੇਂ ਕਿ ਤੇਲ ਦੇ ਰੇਟ ਵਧਣੇ, ਨਵੇਂ ਸਟਾਫ ਦੀ ਭਰਤੀ ਕਰਨੀ ਅਤੇ ਕੰਮਕਾਜ ਨੂੰ ਪਏ ਹੋਏ ਘਾਟੇ ਨੂੰ ਪੂਰਾ ਕਰਨਾ।
ਇੰਨ੍ਹਾਂ ਮੁਸ਼ਕਿਲਾਂ ਦੇ ਚੱਲਦਿਆਂ ਗਾਹਕਾਂ ਨੇ ਵਾਰ-ਵਾਰ ਟਿੱਕਟਾਂ ਕੈਂਸਲ ਕੀਤੇ ਜਾਣ ਦੀਆਂ ਵੀ ਬਹੁਤ ਸ਼ਿਕਾਇਤਾਂ ਕੀਤੀਆਂ ਹਨ।
ਮੋਨਾਸ਼ ਯੂਨੀਵਰਸਿਟੀ ਦੇ ਹਵਾਬਾਜ਼ੀ ਮਾਹਰ ਪ੍ਰੋਫੈਸਰ ਗ੍ਰੇਗ ਬੈਂਬਰ ਕਹਿੰਦੇ ਹਨ ਕਿ ਬੁਕਿੰਗ ਕੈਂਸਲ ਕਰਨ ਦੇ ਮਾਮਲੇ ਵਿੱਚ ਏਅਰਲਾਈਨਾਂ ਨੂੰ ਬਹੁਤ ਸੁਧਾਰ ਕਰਨ ਦੀ ਲੋੜ ਹੈ।
ਉਹਨਾਂ ‘ਕੁਆਂਟਸ’ ਏਅਰਲਾਈਨ ਦਾ ਜ਼ਿਕਰ ਕਰਦਿਆਂ ਕਿਹਾ ਇੰਨੀ ਵੱਡੀ ਏਅਰਲਾਈਨ ਵੀ ਮੌਕੇ ਉੱਤੇ ਫਲਾਈਟ ਕੈਂਸਲ ਕਰ ਦਿੰਦੀ ਹੈ ਅਤੇ ਗਾਹਕ ਇਸਨੂੰ ਲੈ ਕੇ ਕੁੱਝ ਨਹੀਂ ਕਰ ਪਾਉਂਦੇ ਅਤੇ ਜੇਕਰ ਗਾਹਕ ਕਿਸੇ ਵਾਜਬ ਅਤੇ ਚੰਗੇ ਕਾਰਨ ਕਰ ਕੇ ਆਪਣੀ ਫਲਾਈਟ ਬਦਲਾਉਣਾ ਚਾਹੁੰਦੇ ਹੋਣ ਤਾਂ ਕੁਆਂਟਾਸ ਉਹਨਾਂ ਤੋਂ ਕਾਫੀ ਪੈਨਲਟੀ ਭਰਨ ਲਈ ਕਹਿੰਦੀ ਹੈ ਜਦਕਿ ਨਵੀਂ ਬੁਕਿੰਗ ਕਰਨਾ ਉਸਤੋਂ ਸਸਤਾ ਪੈਂਦਾ ਹੈ।
ਦੂਜੇ ਪਾਸੇ ਜੇਕਰ ਏਅਰਲਾਈਨਾਂ ਦਾ ਪੱਖ ਸੁਣਿਆ ਜਾਵੇ ਤਾਂ ਉਹ ਕੰਮ ਦੇ ਵੱਧਦੇ ਪ੍ਰੈਸ਼ਰ ਦੇ ਬਾਵਜੂਦ ਵੀ ਵਧੀਆ ਸੇਵਾਵਾਂ ਦੇਣ ਦਾ ਦਾਅਵਾ ਕਰਦੇ ਹਨ।
ਵਰਜਿਨ ਆਸਟ੍ਰੇਲੀਆ ਦੇ ਬੁਲਾਰੇ ਨੇ ਐਸ ਬੀ ਐਸ ਨਿਊਜ਼ ਨੂੰ ਦੱਸਿਆ ਕਿ ਵੱਧਦੀ ਮਹਿੰਗਾਈ, ਵੱਧਦੇ ਤੇਲ ਦੇ ਰੇਟਾਂ ਅਤੇ ਵੱਧ ਰਹੀ ਮੰਗ ਵਰਗੇ ਬੋਝਾਂ ਦੇ ਬਾਵਜੂਦ ਵੀ ਏਅਰਲਾਈਨਾਂ ਦਾ ਟੀਚਾ ਗਾਹਕਾਂ ਨੂੰ ਬੇਹਤਰ ਸੇਵਾਵਾਂ ਪ੍ਰਦਾਨ ਕਰਨ ਦਾ ਹੈ।
ਬੁਲਾਰੇ ਦਾ ਕਹਿਣਾ ਹੈ ਕਿ ਉਮੀਦ ਕੀਤੀ ਜਾ ਰਹੀ ਹੈ ਘਰੇਲੂ ਉਡਾਣਾਂ ਦੇ ਮਾਮਲੇ ਵਿਚ ਦਸੰਬਰ ਅਤੇ ਜਨਵਰੀ ਦੌਰਾਨ ਸਮਰੱਥਾ ਪ੍ਰੀ-ਕੋਵਿਡ ਪੱਧਰ ਉੱਤੇ ਵਾਪਸ ਆ ਜਾਵੇਗੀ।
ਏਅਰਲਾਈਨਾਂ ਵੱਲੋਂ ਆਸ਼ਾਵਾਦੀ ਬਿਆਨਾਂ ਦੇ ਬਾਵਜੂਦ ਸ਼੍ਰੀ ਬੇਇਰਮੈਨ ਦਾ ਕਹਿਣਾਂ ਹੈ ਕਿ ਗਾਹਕਾਂ ਨੂੰ ਘੱਟ ਹਵਾਈ ਕਿਰਾਏ ਦੇਖਣ ਦੀ ਸੰਭਾਵਨਾ ਲਈ ਅਜੇ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ।