ਨਿਊਜ਼ੀਲੈਂਡ ਦੀ 2018 ਦੀ ਜਨਗਣਨਾ ਅਨੁਸਾਰ ਤਕਰੀਬਨ 48 ਲੱਖ ਦੀ ਅਬਾਦੀ ਵਾਲੇ ਇਸ ਮੁਲਕ ਵਿੱਚ ਦੁਨੀਆਂ ਦਾ ਹਰ ਰੰਗ ਆਪਣੀ ਝਾਤ ਪਵਾਉਂਦਾ ਨਜ਼ਰ ਆ ਰਿਹਾ ਹੈ।
ਇਸ ਅੰਕੜੇ ਵਿੱਚ ਨਿਊਜ਼ੀਲੈਂਡ ਦੀ ਬਹੁ-ਭਾਈਚਾਰਕ ਦਿੱਖ ਝਲਕਾਰੇ ਮਾਰਦੀ ਨਜ਼ਰ ਆਓਂਦੀ ਹੈ -180 ਕੌਮੀਅਤਾਂ ਜਾਂ ਕੌਮਾਂ ਇਸ ਮੁਲਕ ਵਿੱਚ ਵੱਸਦੀਆਂ ਹਨ ਜਿਹਨਾਂ ਵਿੱਚ ਯੂਰਪੀਨ ਮੂਲ ਦੇ ਲੋਕ 3,025,587 ਅਬਾਦੀ ਨਾਲ ਸਭ ਤੋਂ ਪਹਿਲੇ ਨੰਬਰ ਤੇ ਹਨ।
ਦੂਸਰਾ ਨੰਬਰ ਸਥਾਨਿਕ ਮੂਲਵਾਸੀ ਮੌਰੀ ਲੋਕਾਂ ਦਾ ਹੈ ਜੋ ਕਿ ਇਸ ਸਾਲ ਦੇ ਨਵੇਂ ਅੰਕੜਿਆਂ ਮੁਤਾਬਿਕ 777,195 ਦੇ ਗਿਣਤੀ 'ਤੇ ਹਨ।
ਤੀਸਰੇ ਨੰਬਰ 'ਤੇ ਚੀਨੀ ਭਾਈਚਾਰੇ ਦੇ ਲੋਕ ਤਕਰੀਬਨ 2 ਲੱਖ 60 ਹਜ਼ਾਰ ਦੀ ਅਬਾਦੀ ਰੱਖਦੇ ਹਨ ਅਤੇ ਇਸਤੋਂ ਬਾਅਦ ਵਾਰੀ ਆਓਂਦੀ ਹੈ ਭਾਰਤੀ ਭਾਈਚਾਰੇ ਦੀ ਜੋ ਸਮੂਹਿਕ ਤੌਰ ਤੇ 244,717 ਦੀ ਅਬਾਦੀ ਨਾਲ਼ ਚੀਨੀ ਮੂਲ ਦੇ ਲੋਕਾਂ ਦੇ ਪੂਰੇ ਮੁਕਾਬਲੇ ਵਿੱਚ ਹਨ।
ਮਹਿਜ਼ 419 ਲੋਕਾਂ ਨੇ ਆਪਣਾ ਨਾਂ ਪੰਜਾਬੀ ਬੋਲਣ ਵਾਲਿਆਂ ਵਿੱਚ ਸ਼ੁਮਾਰ ਕੀਤਾ ਹੈ ਜਦਕਿ ਪੰਜਾਬੀਆਂ ਦੀ ਗਿਣਤੀ ਇਸ ਅੰਕੜੇ ਤੋਂ ਬਹੁਤ ਜ਼ਿਆਦਾ ਦੱਸੀ ਜਾਂਦੀ ਹੈ।
ਆਕਲੈਂਡ ਵਸਦੇ ਪੰਜਾਬੀ ਪੱਤਰਕਾਰ ਤਰਨਦੀਪ ਬਿਲਾਸਪੁਰ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਇਸ ਵਾਰ ਦੀ ਨਿਊਜ਼ੀਲੈਂਡ ਦੀ ਜਨਗਣਨਾ ਵਿੱਚ ਇੱਕ ਹੋਰ ਗੱਲ ਖਾਸ ਤੌਰ ਤੇ ਦੇਖਣ ਵਾਲੀ ਹੈ ਕਿ ਲੋਕ ਲਗਾਤਾਰ ਧਰਮ ਤੋਂ ਆਪਣਾ ‘ਮੁੱਖ ਮੋੜਦੇ’ ਨਜ਼ਰ ਆ ਰਹੇ ਹਨ।
ਤਾਜ਼ਾ ਅੰਕੜਿਆਂ ਅਨੁਸਾਰ 48.59 ਫ਼ੀਸਦ ਲੋਕ ਕਿਸੇ ਵੀ ਧਰਮ ਵਿੱਚ ਆਸਥਾ ਨਹੀਂ ਰੱਖਦੇ, ਭਾਵ ਕਿ ਨਾਸਤਿਕ ਹਨ। ਇਹ ਗ੍ਰਾਫ 2013 ਦੀ ਜਨਗਣਨਾ ਤੋਂ ਕਾਫੀ ਤੇਜ਼ੀ ਨਾਲ ਵੱਧਿਆ ਹੈ। ਪਿਛਲੀ ਬਾਰ 41.92 ਫ਼ੀਸਦ ਲੋਕਾਂ ਨੇ ਆਪਣੇ ਆਪ ਨੂੰ ਨਾਸਤਿਕ ਦਰਸਾਇਆ ਸੀ।

ਆਕਲੈਂਡ ਵਸਦਾ ਇੱਕ ਪੰਜਾਬੀ ਪਰਿਵਾਰ ਆਪਣੇ ਨਾਗਰਿਕਤਾ ਸਮਾਰੋਹ ਦੌਰਾਨ Source: Supplied
ਉਹਨਾਂ ਕਿਹਾ ਕਿ ਸਭ ਤੋਂ ਜਿਆਦਾ ਨਾਸਤਿਕ ਲੋਕਾਂ ਦੀ ਗਿਣਤੀ ਕਰਿਸਚਨ ਧਰਮ ਵਿਚੋਂ ਆਉਣ ਵਾਲਿਆਂ ਦੀ ਹੈ ਕਿਓਂਕਿ 2013 ਦੇ ਤਕਰੀਬਨ 47 ਫ਼ੀਸਦ ਕਰਿਸਚਨ 2018 ਦੀ ਜਨਗਣਨਾਂ 'ਚ 10 ਫ਼ੀਸਦ ਦੀ ਖੜੋਤ ਨਾਲ ਹੁਣ 37 ਫ਼ੀਸਦ 'ਤੇ ਆਣ ਖੜ੍ਹੇ ਹਨ।
ਸਿੱਖ ਭਾਈਚਾਰੇ ਦੀ ਗਿਣਤੀ 2013 ਦੀ 19,191 ਤੋਂ ਵਧਕੇ 2018 'ਚ 40,908 ਭਾਵ ਕਿ ਦੁੱਗਣੀ ਹੋ ਗਈ ਹੈ।
ਇਸੇ ਤਰੀਕੇ ਨਾਲ ਮੁਸਲਿਮ ਧਰਮ ਦੇ ਪੈਰੋਕਾਰ ਇਸ ਮੁਲਕ ਵਿੱਚ 46,149 ਤੋਂ ਵਧਕੇ 61,455 ਹੋ ਗਏ ਹਨ।
ਹਿੰਦੂ ਧਰਮ 2013 ਦੀ ਜਨਗਣਨਾ ਦੀ ਗਿਣਤੀ 89,319 ਤੋਂ ਵੱਧਕੇ 2018 'ਚ 123,534 ਤੱਕ ਉੱਪੜ ਗਈ ਹੈ।
ਇਸਤੋਂ ਇਲਾਵਾ ਇਸ ਜਨਗਣਨਾਂ ਵਿੱਚ ਨਿਊਜ਼ੀਲੈਂਡ ਵਿੱਚ ਜਨਮ ਲੈਣ ਵਾਲੇ ਲੋਕਾਂ ਤੋਂ ਬਾਅਦ ਬਰਤਾਨੀਆਂ (210,915) ਵਿੱਚ ਜਨਮ ਲੈਣ ਵਾਲੇ ਲੋਕਾਂ ਦੀ ਗਿਣਤੀ ਦੂਸਰੇ ਨੰਬਰ ਤੇ ਹੈ, ਚੀਨ (132906) ਵਿੱਚ ਜਨਮ ਲੈਣ ਵਾਲੇ ਲੋਕ ਤੀਸਰੇ ਨੰਬਰ ਤੇ ਆਉਂਦੇ ਹਨ ਤੇ ਇਸ ਮਾਮਲੇ ਵਿੱਚ ਭਾਰਤ (117348) ਮੁੜ ਚੌਥੇ ਨੰਬਰ ਤੇ ਆਪਣੀ ਹਾਜ਼ਰੀ ਲਗਵਾ ਰਿਹਾ ਹੈ।