ਪਰਥ ਤੋਂ ਗੁਰਵਿੰਦਰ ਸਿੰਘ ਦੀ ਪਤਨੀ ਮਨਿੰਦਰ ਕੌਰ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ, "ਪੁਲਿਸ ਮੁਤਾਬਕ ਗੁਰਵਿੰਦਰ ਨਾਲ ਹਾਦਸਾ ਤਕਰੀਬਨ ਰਾਤ 1 ਵਜੇ ਵਾਪਰਿਆ ਸੀ, ਜਦਕਿ ਉਨ੍ਹਾਂ ਨੇ ਸਿਰਫ 15 ਮਿੰਟ ਪਹਿਲਾਂ ਹੀ ਸਾਰਿਆਂ ਨਾਲ ਗੱਲ ਕਰਕੇ ਅਗਲੇ ਦਿਨ ਛੇਤੀ ਮਿਲਣ ਦਾ ਵਾਅਦਾ ਕੀਤਾ ਸੀ।"
ਪੁਲਿਸ ਨੂੰ ਉਸੀ ਸੜਕ ਤੇ ਯਾਤਰਾ ਕਰ ਰਹੇ ਇੱਕ ਜੋੜੇ ਨੇ ਇਸ ਹਾਦਸੇ ਬਾਰੇ ਸੂਚਨਾ ਦਿੱਤੀ ਸੀ।
ਨਰਸਿੰਗ ਦੇ ਕਿੱਤੇ ਨਾਲ ਜੁੜੀ ਹੋਈ ਮਨਿੰਦਰ ਕੌਰ ਨੇ ਦੁਖੀ ਹਿਰਦੇ ਨਾਲ ਦੱਸਿਆ ਕਿ, "ਮੇਰੇ ਆਪਣੇ ਪਿਤਾ ਜੀ ਹਾਦਸੇ ਵਾਲੀ ਸ਼ਾਮ ਨੂੰ ਹੀ ਭਾਰਤ ਤੋਂ ਪਰਥ ਕੁੱਝ ਮਹੀਨੇ ਪਰਿਵਾਰ ਨਾਲ ਬਿਤਾਉਣ ਲਈ ਪਹੁੰਚੇ ਸਨ।"
ਮ੍ਰਿਤਕ ਗੁਰਵਿੰਦਰ ਨੇ ਆਪਣੇ 6 ਸਾਲ ਦੇ ਪੁੱਤਰ ਨੂੰ ਫੋਨ ਤੇ ਕਿਹਾ ਕਿ ਉਹ ਆਪਣੇ ਨਾਨਾ ਜੀ ਨੂੰ ਘੁੱਟ ਕੇ ਜੱਫੀ ਪਾਏ ਅਤੇ ਉਸ ਦੇ ਘਰ ਵਾਪਸ ਆਉਣ ਤੱਕ ਆਪਣੇ ਨਾਨੇ ਦਾ ਪੂਰਾ ਧਿਆਨ ਰੱਖੇ।
ਪਰ ਅਗਲੀ ਸਵੇਰ ਪੁਲਿਸ ਵੱਲੋਂ ਪਹੁੰਚ ਕਰਨ ਸਮੇਂ ਸਭ ਕੁੱਝ ਬਦਲ ਗਿਆ।
ਮਨਿੰਦਰ ਨੇ ਕਿਹਾ, "ਮੇਰੇ ਪਤੀ ਗੁਰਵਿੰਦਰ ਆਪਣੇ ਟਰੱਕ ਡਰਾਈਵਰੀ ਵਾਲੇ ਕਿੱਤੇ ਤੋਂ ਬਹੁਤ ਖੁਸ਼ ਸਨ ਅਤੇ ਇਸ ਨੂੰ ਪੂਰੀ ਲਗਨ ਨਾਲ ਕਰਦੇ ਸੀ।"
2016 ਤੋਂ ਟਰੱਕ ਡਰਾਈਵਰ ਵਜੋਂ ਕੰਮ ਕਰਨ ਵਾਲਾ ਗੁਰਵਿੰਦਰ ਪਹਿਲਾਂ ਲੋਕਲ ਪੱਧਰ ਤੇ ਛੋਟੀਆਂ ਜੌਬਸ ਕਰਦਾ ਹੁੰਦਾ ਸੀ, ਪਰ ਪਿਛਲੇ ਸਾਢੇ ਕੁ ਪੰਜ ਸਾਲਾਂ ਤੋਂ ਇਹ ਲੰਬੇ ਰੂਟਾਂ ਤੇ ਜਾ ਰਿਹਾ ਸੀ।
ਹਾਦਸੇ ਵਾਲੇ ਦਿਨ ਤੋਂ 9 ਦਿਨ ਬਾਅਦ ਹੀ ਗੁਰਵਿੰਦਰ ਨੇ ਮਨਿੰਦਰ ਨਾਲ ਵਿਆਹ ਦੀ 11ਵੀ ਵਰ੍ਹੇਗੰਢ ਮਨਾਉਣੀ ਸੀ।
ਮਨਿੰਦਰ ਅਨੁਸਾਰ ਕੰਮ ਤੋਂ ਵਾਪਸ ਆ ਕੇ ਗੁਰਵਿੰਦਰ ਆਪਣੇ ਪੁੱਤਰ ਅਤੇ ਪਤਨੀ ਨਾਲ ਹੀ ਸਾਰਾ ਸਮਾਂ ਬਤੀਤ ਕਰਦਾ ਸੀ।
ਆਪਣੇ ਇਕਲੌਤੇ ਪੁੱਤਰ ਗੁਰਵਿੰਦਰ ਦੀ ਮੌਤ ਦੀ ਖਬਰ ਨੂੰ ਸੱਚ ਮੰਨਣ ਲਈ ਉਸ ਦੇ ਮਾਪੇ ਤਿਆਰ ਨਹੀਂ ਹੋ ਪਾ ਰਹੇ ਹਨ ਅਤੇ ਭਾਈਚਾਰੇ ਵਿੱਚ ਇਸ ਹਾਦਸੇ ਕਾਰਨ ਸੋਗ ਜਤਾਇਆ ਜਾ ਰਿਹਾ ਹੈ।
ਗੁਰਵਿੰਦਰ ਦੇ ਪਹਿਲੇ ਟਰੱਕ ਆਪਰੇਟਰ ਅਤੇ ਭਾਈਚਾਰੇ ਵੱਲੋਂ ਸ਼ੁਰੂ ਕੀਤੇ ਗਏ ਇੱਕ ਗੋਫ਼ੰਡ ਫੰਡਰੇਜ਼ਰ ਦੇ ਸਬੰਧ ਵਿੱਚ ਮਨਿੰਦਰ ਨੇ ਕਿਹਾ, "ਇਸ ਦੁੱਖ ਅਤੇ ਅੰਤਾਂ ਦੀ ਔਖੀ ਘੜੀ ਵਿੱਚ ਭਾਈਚਾਰੇ ਵੱਲੋਂ ਹਰ ਤਰ੍ਹਾਂ ਦੀ ਮੱਦਦ ਪ੍ਰਦਾਨ ਕਰਨ ਲਈ ਉਹ ਸ਼ੁਕਰਗੁਜ਼ਾਰ ਹੈ।"
ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ....
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।