Key Points
- ਘਰ ਤੋਂ ਥੋੜੀ ਦੂਰ ਬੱਸ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ।
- ਭਾਈਚਾਰੇ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ।
- ਪੁਲਿਸ ਵੱਲੋਂ ਗਵਾਹਾਂ ਜਾਂ ਸਬੰਧਤ ਕਿਸੇ ਵੀ ਵਿਅਕਤੀ ਨੂੰ ਜਾਂਚ 'ਚ ਸਹਾਇਤਾ ਲਈ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ।
16 ਜੁਲਾਈ ਨੂੰ ਸਨਸ਼ਾਈਨ ਕੋਸਟ ਵਿਖੇ ਬੁਡੇਰਿਮ ਇਲਾਕੇ 'ਚ ਇੱਕ ਬੱਸ ਹਾਦਸੇ ਦੌਰਾਨ 11 ਸਾਲਾ ਬੱਚੇ ਗੁਰਮੰਤਰ ਸਿੰਘ ਗਿੱਲ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ।
ਮੁਢਲੀ ਪੁੱਛਗਿੱਛ ਅਨੁਸਾਰ ਹਾਦਸਾ ਦੁਪਹਿਰ ਲਗਭਗ 3:45 ਵਜੇ ਵਾਪਰਿਆ, ਜੱਦ ਕਰਾਵਾਥਾ ਡਰਾਈਵ (Karawatha Drive) ਦੇ ਨੇੜੇ ਜਿੰਜੇਲਿਕ ਡਰਾਈਵ (Jingellic Drive) ਦੇ ਨਾਲ ਇੱਕ ਬੱਸ ਯਾਤਰਾ ਕਰ ਰਹੀ ਸੀ ਜਦੋਂ ਇਹ ਇੱਕ ਸਾਈਕਲ ਨਾਲ ਟਕਰਾ ਗਈ।
ਸਾਈਕਲ ਸਵਾਰ 11 ਸਾਲਾ ਗੁਰਮੰਤਰ, ਨੂੰ ਜਾਨਲੇਵਾ ਸੱਟਾਂ ਲੱਗੀਆਂ ਅਤੇ ਉਸਨੂੰ ਸਨਸ਼ਾਈਨ ਕੋਸਟ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੂੰ ਬਾਅਦ ਵਿੱਚ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
ਐਸ ਬੀ ਐਸ ਪੰਜਾਬੀ ਨੂੰ ਦਿੱਤੀ ਇਕ ਪੁਲਿਸ ਸਟੇਟਮੈਂਟ ਅਨੁਸਾਰ ਬੱਸ ਡਰਾਈਵਰ, ਤਕਰੀਬਨ 60 ਸਾਲ ਦਾ ਇੱਕ ਵਿਅਕਤੀ ਹੈ ਜੋ ਕਿ ਸਰੀਰਕ ਤੌਰ 'ਤੇ ਜ਼ਖਮੀ ਨਹੀਂ ਹੋਇਆ ਅਤੇ ਜਾਂਚ ਵਿੱਚ ਪੁਲਿਸ ਦੀ ਸਹਾਇਤਾ ਕਰ ਰਿਹਾ ਹੈ।
Similar community story:

ਮੈਲਬਰਨ ਏਅਰਪੋਰਟ 'ਤੇ ਜਹਾਜ਼ ਵਿੱਚ ਮੌਤ ਦਾ ਸ਼ਿਕਾਰ ਹੋਈ ਮਨਪ੍ਰੀਤ ਕੌਰ ਦੇ ਪਰਿਵਾਰ ਨੇ ਬਿਆਨ ਕੀਤਾ ਦਰਦ
ਬ੍ਰਿਸਬੇਨ ਤੋਂ ਪਰਿਵਾਰ ਦੇ ਜਾਣਕਾਰ ਨਵਦੀਪ ਸਿੱਧੂ ਹੋਰਾਂ ਨੇ ਟੈਲੀਫੋਨ ਰਾਹੀਂ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪਰਿਵਾਰ ਲਗਭਗ 7-8 ਸਾਲ ਪਹਿਲਾਂ ਬ੍ਰਿਸਬੇਨ ਤੋਂ ਸਨਸ਼ਾਈਨ ਕੋਸਟ ਜਾ ਵੱਸਿਆ ਸੀ।
"ਗੁਰਮੰਤਰ ਦੇ ਪਿਤਾ ਦਲਜਿੰਦਰ ਸਿੰਘ ਗਿੱਲ ਆਪਣੇ ਨਿੱਘੇ ਸੁਭਾਅ ਤੇ ਆਪਣੇ ਚੰਗੇ ਸਹਿਚਾਰ ਲਈ ਜਾਣੇ ਜਾਂਦੇ ਹਨ।
ਗੁਰਮੰਤਰ ਦੀ ਅਚਨਚੇਤ ਮੌਤ ਨੇ ਪੂਰੇ ਭਾਈਚਾਰੇ ਨੂੰ ਸਦਮਾ ਦਿੱਤਾ ਹੈ ਤੇ ਇਹ ਇੱਕ ਡੂੰਘੇ ਨਿੱਜੀ ਨੁਕਸਾਨ ਵਾਂਗਰਾਂ ਜਾਪ ਰਿਹਾ ਹੈ।ਨਵਦੀਪ ਸਿੰਘ ਸਿੱਧੂ, ਕੁਈਨਜ਼ਲੈਂਡ
ਨਵਦੀਪ ਹੋਰਾਂ ਨੇ ਦੱਸਿਆ ਕਿ ਪਰਿਵਾਰ ਦਾ ਪਿਛੋਕੜ ਪੰਜਾਬ ਤੋਂ ਮੋਗੇ ਦੇ ਲਾਗਲੇ ਪਿੰਡ ਤੋਂ ਹੈ ਅਤੇ ਕਾਫੀ ਲੰਮੇ ਸਮੇ ਤੋਂ ਪਰਿਵਾਰ ਚੰਡੀਗੜ੍ਹ ਰਹਿ ਰਿਹਾ ਹੈ।
"2005 ਦੇ ਦਹਾਕੇ ਦੌਰਾਨ ਕਾਫੀ ਪੰਜਾਬੀ ਆਸਟ੍ਰੇਲੀਆ ਪਰਵਾਸ ਕਰਕੇ ਆਏ ਸਨ ਤੇ ਹੁਣ ਸਭ ਦੇ ਬੱਚੇ ਤਕਰੀਬਨ ਇੱਕ ਹੀ ਉਮਰ ਦੇ ਹਨ, ਗਿੱਲ ਪਰਿਵਾਰ ਵੀ ਉਨ੍ਹਾਂ ਪਰਿਵਾਰਾਂ 'ਚੋਂ ਹੀ ਹੈ ਤੇ ਗੁਰਮੰਤਰ ਦਾ ਚਲੇ ਜਾਣਾ ਭਾਈਚਾਰੇ ਨੂੰ ਬੇਹੱਦ ਅਫਸੋਸਜਨਕ ਤੇ ਨਿੱਜੀ ਜਾਪ ਰਿਹਾ ਹੈ,"ਨਵਦੀਪ ਜੀ ਨੇ ਕਿਹਾ।
ਪਰਿਵਾਰ ਅਨੁਸਾਰ ਗੁਰਮੰਤਰ ਆਮ ਤੌਰ 'ਤੇ ਆਪਣੇ ਮਾਪੇਆ ਨਾਲ ਹੀ ਸਕੂਲ ਜਾਂਦਾ ਸੀ , ਪਰ 16 ਜੁਲਾਈ ਨੂੰ ਉਹ ਸਾਈਕਲ 'ਤੇ ਸਕੂਲ ਗਿਆ ਸੀ।
19 ਜੁਲਾਈ ਨੂੰ ਗੁਰਮੰਤਰ ਸਿੰਘ ਦੇ ਅੰਤਿਮ ਸਸਕਾਰ ਤੋਂ ਪਹਿਲਾਂ ਦਲਜਿੰਦਰ ਸਿੰਘ ਗਿੱਲ ਅਤੇ ਪਰਿਵਾਰ ਵਲੋਂ ਭਾਈਚਾਰੇ ਨੂੰ ਕੀਤੀ ਅਪੀਲ ਵਿੱਚ ਆਪਣੀਆਂ ਭਾਵਾਨਾਵਾਂ ਕੁਝ ਇਸ ਤਰ੍ਹਾਂ ਬਿਆਨ ਕੀਤੀਆਂ ਗਈਆਂ ਹਨ।
“ਬੇਸ਼ੱਕ ਗੁਰਮੰਤਰ ਸਿੰਘ ਗਿੱਲ ਸਾਡੇ ਕੋਲ ਬਹੁਤ ਥੋੜੇ ਸਮੇਂ ਲਈ ਸੀ, ਪਰ ਉਹ ਜਿੰਨਿਆਂ ਨੂੰ ਵੀ ਮਿਲਦਾ ਸੀ, ਸਭ ਨੂੰ ਮੋਹ ਲੈਂਦਾ ਸੀ। ਅਸੀਂ ਇਸ ਦੁੱਖ ਦੀ ਘੜੀ ਵਿੱਚ ਵੀ, ਉਨ੍ਹਾਂ ਸਾਰੀਆਂ ਖੁਸ਼ੀਆਂ ਅਤੇ ਪਿਆਰ ਨੂੰ ਯਾਦ ਕਰਦੇ ਹਾਂ ਜੋ ਉਹ ਸਾਡੀਆਂ ਜ਼ਿੰਦਗੀਆਂ ਵਿੱਚ ਲੈ ਕੇ ਆਇਆ ਸੀ।”
ਪੁਲਿਸ ਵੱਲੋਂ ਗਵਾਹਾਂ ਜਾਂ ਸਬੰਧਤ ਕਿਸੇ ਵੀ ਵਿਅਕਤੀ ਨੂੰ ਪੁਲਿਸ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।
ਹਾਦਸੇ ਦੀ ਜਾਂਚ ਜਾਰੀ ਹੈ ਅਤੇ ਇਸ ਮੁਤੱਲਕ ਹੋਰ ਜਾਣਕਾਰੀ ਦੇ ਨਾਲ ਅਸੀਂ ਅਪਡੇਟ ਜ਼ਰੂਰ ਕਰਾਂਗੇ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ।