ਏਕਮਪ੍ਰੀਤ ਸਿੰਘ ਸਾਹਨੀ ਦੇ ਪਿਤਾ ਅਮਰਿੰਦਰ ਸਾਹਨੀ ਨੇ ਬੜੇ ਹੀ ਦੁਖੀ ਹਿਰਦੇ ਨਾਲ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਜਿਸ ਸਮੇਂ ਇਹ ਦੁਖਦਾਈ ਘਟਨਾ ਵਾਪਰੀ ਉਸ ਸਮੇਂ ਉਹਨਾਂ ਦਾ ਪੁੱਤਰ ਸ਼ਾਮ ਸਮੇਂ ਆਪਣੇ ਦੋਸਤਾਂ ਨਾਲ ਬੀਚ 'ਤੇ ਗਿਆ ਹੋਇਆ ਸੀ।
ਪੰਜਾਬ ਦੇ ਰਾਜਪੁਰਾ ਨਾਲ ਸਬੰਧਿਤ ਇਹ ਪਰਿਵਾਰ ਜਿਸ ਵਿੱਚ ਏਕਮ ਦੇ ਮਾਤਾ-ਪਿਤਾ ਅਤੇ ਛੋਟਾ ਭਰਾ ਸ਼ਾਮਲ ਹੈ, ਨੂੰ ਅਜੇ ਆਸਟ੍ਰੇਲੀਆ ਆਇਆਂ ਥੋੜ੍ਹਾ ਸਮਾਂ ਹੀ ਹੋਇਆ ਹੈ ਅਤੇ ਆਮ ਪ੍ਰਵਾਸੀਆਂ ਵਾਂਗ ਹੀ ਇੱਥੇ ਸਥਾਪਿਤ ਹੋਣ ਦੀ ਭਰਪੂਰ ਕੋਸ਼ਿਸ਼ ਵਿੱਚ ਹਨ।
ਏਕਮ ਦੇ ਪਿਤਾ ਇੱਕ ਟੈਕਸੀ ਚਾਲਕ ਹਨ ਅਤੇ ਮਾਤਾ ਭਾਰਤੀ ਰੈਸਟੋਰੈਂਟ ਵਿੱਚ ਕੰਮ ਕਰਦੇ ਹਨ।
ਏਕਮ ਦੀ ਦਰਦਨਾਕ ਮੌਤ ਤੋਂ ਸਿਰਫ ਇੱਕ ਦਿਨ ਪਹਿਲਾਂ ਹੀ ਉਸ ਦੇ ਨਾਨਾ-ਨਾਨੀ ਭਾਰਤ ਤੋਂ ਪਰਿਵਾਰ ਨੂੰ ਮਿਲਣ ਵਾਸਤੇ ਆਏ ਸਨ।
ਅਮਰਿੰਦਰ ਸਾਹਨੀ ਅਨੁਸਾਰ, "ਏਕਮ ਨੇ ਸਾਰਾ ਦਿਨ ਘਰ ਹੀ ਬਿਤਾਇਆ ਅਤੇ ਰਾਤ ਕਰੀਬ 10 ਵਜੇ ਉਹ ਕਾਰ ਲੈ ਕੇ ਦੋਸਤਾਂ ਨੂੰ ਮਿਲਣ ਚਲਾ ਗਿਆ। ਉਸ ਦੀ ਮਾਤਾ ਵੱਲੋਂ ਫੋਨ ਕਰਕੇ ਪੁੱਛਣ ਤੇ ਏਕਮ ਨੇ ਕਿਹਾ ਕਿ ਉਹ ਥੋੜ੍ਹੀ ਦੇਰ ਵਿੱਚ ਵਾਪਿਸ ਆ ਜਾਏਗਾ।"
ਪਰ ਪਰਿਵਾਰ ਅੱਜ ਤੱਕ ਆਪਣੇ ਪੁੱਤਰ ਨੂੰ ਉਡੀਕ ਰਿਹਾ ਹੈ।

18 years old Ekam Sahni's old picture. Credit: Supplied
ਏਕਮ ਦਾ ਪਰਿਵਾਰ ਸਾਲ 2020 ਵਿੱਚ ਏਕਮ ਦੇ ਤਾਇਆ ਜੀ ਦੇ ਸੱਦੇ 'ਤੇ ਸਿਡਨੀ ਘੁੰਮਣ ਆਇਆ ਸੀ ਪਰ ਕੋਵਿਡ ਕਰਕੇ ਫਲਾਈਟਾਂ ਰੱਦ ਹੋਣ ਕਾਰਨ ਇੱਥੇ ਹੀ ਫਸ ਕੇ ਰਹਿ ਗਿਆ।
ਬਾਅਦ ਵਿੱਚ ਏਕਮ ਦੀ ਮਾਤਾ ਨੇ ਵਿਦਿਆਰਥੀ ਵੀਜ਼ੇ 'ਤੇ ਪੜਾਈ ਕੀਤੀ ਅਤੇ ਇਸ ਸਮੇਂ ਉਹ ਟੀ ਆਰ ਵੀਜ਼ੇ 'ਤੇ ਚਲ ਰਹੇ ਹਨ।
ਨਿਊਕਾਸਲ ਜਾਣ ਤੋਂ ਪਹਿਲਾਂ ਇਹ ਪਰਿਵਾਰ ਸਿਡਨੀ ਦੇ ਕੂਏਕਰਸ ਹਿੱਲ ਵਿੱਚ ਰਹਿੰਦਾ ਸੀ ਜਿੱਥੋਂ ਏਕਮ ਨੇ ਸਕੂਲੀ ਪੜਾਈ ਮੁਕੰਮਲ ਕੀਤੀ।
ਇਸ ਸਮੇਂ ਉਹ ਆਟੋਮੋਬਾਈਲ ਦੀ ਪੜਾਈ ਕਰ ਰਿਹਾ ਸੀ ਅਤੇ ਆਪਣੀ ਵਰਕਸ਼ਾਪ ਸਥਾਪਤ ਕਰਨ ਦਾ ਸੁਫਨਾ ਦੇਖ ਰਿਹਾ ਸੀ।

18 ਸਾਲਾ ਏਕਮ ਸਾਹਨੀ ਦੀ ਮੌਤ ਤੋਂ ਬਾਅਦ ਭਾਈਚਾਰਾ ਸਦਮੇ ਅਤੇ ਨਿਰਾਸ਼ਾ ਵਿੱਚ Credit: Supplied
ਦੱਸਿਆ ਜਾਂਦਾ ਹੈ ਕਿ ਬੀਚ ਕਾਰ ਪਾਰਕ ਵਿੱਚ ਇੱਕ ਹੋਈ ਛੋਟੀ ਬਹਿਸ ਤੋਂ ਬਾਅਦ ਏਕਮ ਸਾਹਨੀ ਦੀ ਛਾਤੀ ਵਿੱਚ ਗੋਲੀ ਮਾਰ ਦਿੱਤੀ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਸ ਘਟਨਾ ਵਿੱਚ ਵਰਤੀ ਗਈ ਕਾਰ ਨੂੰ ਬਾਅਦ ਵਿੱਚ ਅੱਗ ਲਾ ਕੇ ਸਾੜ ਦਿੱਤਾ ਗਿਆ ਸੀ।
ਇਸ ਘਟਨਾ ਤੋਂ ਬਾਅਦ ਸਮੁੱਚਾ ਭਾਈਚਾਰਾ ਭਾਰੀ ਰੋਸ ਵਿੱਚ ਹੈਅਤੇ ਕਈ ਸ਼ਹਿਰਾਂ ਵਿੱਚ ਏਕਮ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਹਨ।
ਇਸ ਸਮੇਂ ਸਮੂਹ ਭਾਰਤੀ/ਪੰਜਾਬੀ ਭਾਈਚਾਰਾ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਖੜ੍ਹਾ ਹੋਇਆ ਇਨਸਾਫ਼ ਦੀ ਮੰਗ ਕਰ ਰਿਹਾ ਹੈ।
ਪੰਜਾਬੀ ਭਾਈਚਾਰੇ ਦੇ ਅਮਰ ਸਿੰਘ ਨੇ ਕਿਹਾ, "ਪਰਿਵਾਰ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ।"

ਏਕਮ ਸਾਹਨੀ ਦੇ ਪਿਤਾ ਅਮਰਿੰਦਰ ਸਾਹਨੀ ਉਸ ਦੀ ਮਾਤਾ ਦੇ ਨਾਲ Credit: Supplied
ਅਮਰ ਸਿੰਘ ਅਨੁਸਾਰ ਭਾਈਚਾਰਾ ਮੰਗ ਕਰ ਰਿਹਾ ਹੈ ਕਿ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਪਰਿਵਾਰ ਨੂੰ ਇਨਸਾਫ ਮਿਲ ਸਕੇ।
ਪੁਲਿਸ ਵੱਲੋਂ 21 ਸਾਲਾਂ ਦੇ ਇੱਕ ਕਥਿਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜੋ ਕਿ ਕੁਝ ਸਮਾਂ ਪਹਿਲਾਂ ਹੀ ਜੇਲ੍ਹ ਤੋਂ ਜ਼ਮਾਨਤ ਉੱਤੇ ਬਾਹਰ ਆਇਆ ਸੀ।
ਏਕਮ ਦੇ ਪਿਤਾ ਅਮਰਿੰਦਰ ਸਾਹਨੀ ਨੇ ਬੜੇ ਦੁਖੀ ਹਿਰਦੇ ਨਾਲ ਭਾਈਚਾਰੇ ਲਈ ਸੁਨੇਹਾ ਦਿੰਦੇ ਹੋਏ ਕਿਹਾ, "ਆਪਣੇ ਬੱਚਿਆਂ ਨਾਲ ਦੋਸਤਾਨਾ ਤਰੀਕੇ ਨਾਲ ਗੱਲਬਾਤ ਕਰਦੇ ਰਹੋ ਤਾਂ ਕਿ ਉਹ ਆਪਣੀ ਹਰ ਮੁਸ਼ਕਿਲ ਤੁਹਾਡੇ ਨਾਲ ਸਹਿਜ ਹੀ ਸਾਂਝੀ ਕਰ ਸਕਣ।"
ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ....
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।