ਆਸਟ੍ਰੇਲੀਅਨ ਕਲਾਕਾਰ ਜੇਮੀ ਕੂਪਰ ਇੱਕ ਅੰਤਰਾਸ਼ਟਰੀ ਆਰਟਿਸਟ ਹਨ ਜੋ ਆਪਣੀਆਂ ਰਚਨਾਤਮਕ ਤਸਵੀਰਾਂ ਰਾਹੀਂ ਇਤਿਹਾਸ ਦੀਆਂ ਵੱਖੋ-ਵੱਖ ਸ਼ਖਸੀਅਤਾਂ ਨੂੰ ਇੱਕ ਯਾਦਗਾਰੀ ਪਲ ਵਿੱਚ ਇਕੱਠਾ ਕਰ ਕੇ 'ਪੋਟਰੈਟ' ਤਿਆਰ ਕਰਦੇ ਹਨ।
ਹਾਲ ਹੀ ਵਿੱਚ ਜੇਮੀ ਦ੍ਵਾਰਾ ਚਿਤਰੀ ਗਈ ਪ੍ਰਮੁੱਖ ਸਿੱਖ ਸ਼ਖਸੀਅਤਾਂ ਨੂੰ ਦਰਸਾਉਂਦੀ ਸ਼੍ਰੀ ਦਰਬਾਰ ਸਾਹਿਬ ਦੀ ਇੱਕ ਤਸਵੀਰ ਦੇਸ਼-ਵਿਦੇਸ਼ ਵਿੱਚ ਚਰਚਾ ਦਾ ਵਿਸ਼ਾ ਬਣੀ ਰਹੀ ਹੈ।
ਐਸ.ਬੀ.ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਜੇਮੀ ਕੂਪਰ ਨੇ 700 ਘੰਟਿਆਂ ਵਿੱਚ ਸੰਪੂਰਨ ਹੋਈ ਇਸ ਚਿੱਤਰਕਾਰੀ ਨੂੰ ਆਪਣੀ ਕਲਾ ਦੇ 25 ਸਾਲਾਂ ਦੇ ਸਫ਼ਰ ਦੀ ਸਭ ਤੋਂ ਵੱਧ ਫਲਦਾਇਕ ਕਲਾਕਾਰੀ ਵਜੋਂ ਪਰਿਭਾਸ਼ਿਤ ਕੀਤਾ ਅਤੇ ਕਿਹਾ ਕਿ,"ਇਹ ਪ੍ਰੋਜੈਕਟ ਇੱਕ ਕਦੇ ਨਾ ਭੁੱਲ ਸਕਣ ਵਾਲੀ ਯਾਦਗਾਰ ਹੈ।"
'ਮੇਰੇ ਲਈ ਨਵਾਂ ਅਨੁਭਵ'
'ਕਮਿਸ਼ਨਡ ਵਰਕ' ਦੀਆਂ ਇਹ ਤਸਵੀਰਾਂ ਹਾਲ ਹੀ ਵਿੱਚ ਵਾਇਰਲ ਹੋਈਆਂ ਸਨ, ਜਿਸ ਨਾਲ ਇਸ ਕਲਾਕਾਰ ਦੇ ਫੇਸਬੁੱਕ ਪੇਜ ਉੱਤੇ 4000 ਤੋਂ ਵੱਧ ਸ਼ੇਅਰ ਅਤੇ 2000 ਤੋਂ ਵੀ ਵੱਧ ਕਮੈਂਟ ਕੀਤੇ ਗਏ ਸਨ।
ਇਸ ਆਰਟ ਵਰਕ ਵਿੱਚ ਬੜ੍ਹੀ ਬਾਖ਼ੂਬੀ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਪ੍ਰਮੁੱਖ ਸਿੱਖ ਸ਼ਖਸੀਅਤਾਂ ਦੇ ਇਕੱਠ ਦਾ ਇਤਿਹਾਸਿਕ ਦ੍ਰਿਸ਼ ਦਿਖਾਇਆ ਗਿਆ ਹੈ।
ਜੇਮੀ ਕੂਪਰ ਪਹਿਲਾਂ ਇੱਕ ਪੇਸ਼ੇਵਰ ਆਸਟ੍ਰੇਲੀਅਨ ਫੁੱਟਬਾਲਰ ਵੀ ਰਹਿ ਚੁੱਕੇ ਹਨ। 1980 ਦੇ ਦਹਾਕੇ ਵਿੱਚ ਏ.ਐਫ.ਐਲ ਤੋਂ ਸੰਨਿਆਸ ਲੈਣ ਤੋਂ ਬਾਅਦ, ਉਹਨਾਂ ਨੇ ਆਸਟ੍ਰੇਲੀਅਨ ਓਲੰਪਿਕ ਕਮੇਟੀ ਅਤੇ ਆਸਟ੍ਰੇਲੀਅਨ ਕ੍ਰਿਕੇਟ ਬੋਰਡ ਵਰਗੀਆਂ ਪ੍ਰਮੁੱਖ ਖੇਡ ਸੰਸਥਾਵਾਂ ਦੇ ਨਾਲ-ਨਾਲ ਵਿਸ਼ਵ ਦੇ ਕੁੱਝ ਪ੍ਰਮੁੱਖ ਫੁੱਟਬਾਲ ਅਤੇ ਬੇਸਬਾਲ ਕਲੱਬਾਂ ਲਈ ਕਲਾਕ੍ਰਿਤੀਆਂ ਤਿਆਰ ਕੀਤੀਆਂ ਸਨ।
ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਦੀ ਪੇਟਿੰਗ ਤੋਂ ਉਹਨਾਂ ਨੂੰ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਹੈ।
ਉਹਨਾਂ ਦੱਸਿਆ ਕਿ ਸਿੱਖ ਇਤਿਹਾਸ ਅਤੇ ਸੱਭਿਆਚਾਰ ਬਾਰੇ ਸਿੱਖਣਾ ਉਹਨਾਂ ਦੇ ਆਮ ਕੰਮਕਾਜ ਤੋਂ ਵੱਖਰਾ ਸੀ। ਪੇਂਟਿੰਗ ਦੀਆਂ ਬਰੀਕੀਆਂ ਦਾ ਜ਼ਿਕਰ ਕਰਦਿਆਂ ਉਹਨਾਂ ਦੱਸਿਆ ਕਿ ਜਦੋਂ ਉਹਨਾਂ ਨੇ ਪੇਂਟਿੰਗ ਕਰਨੀ ਸ਼ੁਰੂ ਕੀਤੀ ਤਾਂ ਉਹਨਾਂ ਨੇ ਮਹਿਸੂਸ ਕੀਤਾ ਕਿ ਹਰਿਮੰਦਰ ਸਾਹਿਬ ਕਿੰਨਾ ਸੁੰਦਰ ਹੈ ਅਤੇ ਇਸ ਇਮਾਰਤ ਨੂੰ ਕਿੰਨੇ ਪਿਆਰ ਅਤੇ ਦੇਖਭਾਲ ਨਾਲ ਸੰਭਾਲਿਆ ਗਿਆ ਹੈ।
![jamie cooper golden temple painting](https://images.sbs.com.au/b1/e2/e15b812f40fc860a4318f3546cd5/jamie-himself.jpg?imwidth=1280)
Former professional AFL player and artist Jamie Cooper. Credit: Supplied by Mr Cooper.
ਜੇਮੀ ਕੂਪਰ ਨੇ ਖੁਲਾਸਾ ਕੀਤਾ ਕਿ ਉਹਨਾਂ ਨੂੰ ਯੂ.ਕੇ. ਦੇ ਇੱਕ ਪਰਿਵਾਰ ਵੱਲੋਂ ਸੰਪਰਕ ਕੀਤੇ ਜਾਣ ਉੱਤੇ ਬਹੁਤ ਹੈਰਾਨੀ ਹੋਈ ਸੀ।
ਸ਼੍ਰੀ ਕੂਪਰ ਨੇ ਦੱਸਿਆ ਕਿ ਇਹ ਪਰਿਵਾਰ ‘ਲਿਵਰਪੂਲ’ ਦਾ ਪ੍ਰਸ਼ੰਸਕ ਸੀ ਅਤੇ ਉਹਨਾਂ ਨੇ ਉਸ ਦੀ ਲਿਵਰਪੂਲ ਲਈ ਕੀਤੀ ਗਈ ਇੱਕ ਪੇਂਟਿੰਗ ਦੇਖੀ ਸੀ ਜਿਸ ਵਿੱਚ ਵੱਖ-ਵੱਖ ਸਮ੍ਹਿਆਂ ਦੇ ਲੋਕਾਂ ਨੂੰ ਇੱਕ ਤਸਵੀਰ ਵਿੱਚ ਪੇਸ਼ ਕੀਤਾ ਗਿਆ ਸੀ।
"ਇਹ ਪਰਿਵਾਰ ਸਿੱਖ ਇਤਿਹਾਸ ਨੂੰ ਲੈ ਕੇ ਇੱਕ ਅਜਿਹੀ ਹੀ ਕਲਾ ਤਿਆਰ ਕੀਤੇ ਜਾਣ ਬਾਰੇ ਸੋਚ ਰਿਹਾ ਸੀ, ਜਿਸ ਤੋਂ ਬਾਅਦ ਪਰਿਵਾਰ ਦੇ ਮੈਂਬਰਾਂ ਵੱਲੋਂ ਇੱਕ ਨਕਸ਼ਾ ਪ੍ਰਦਾਨ ਕੀਤਾ ਗਿਆ ਕਿ ਹਰੇਕ ਇਤਿਹਾਸਿਕ ਸਿੱਖ ਪਾਤਰ ਨੂੰ ਚਿੱਤਰ ਵਿੱਚ ਕਿੱਥੇ ਰੱਖਿਆ ਜਾਣਾ ਚਾਹੀਦਾ ਹੈ, ਉਨ੍ਹਾਂ ਕਿਹਾ।"
![uk family sikh painting.jpg](https://images.sbs.com.au/b1/da/73111a934e0780635b882955f0d0/uk-family-sikh-painting.jpg?imwidth=1280)
Bobby Gill and Kaam Kaur: UK-based family who commissioned the Sikh artwork. Credit: Supplied by Mr Cooper.
ਸ਼੍ਰੀ ਕੂਪਰ ਨੇ ਦੱਸਿਆ ਕਿ ਪੇਂਟਿੰਗ ਨੂੰ ਮੁਕੰਮਲ ਕਰਨ ਵਿੱਚ ਉਹਨਾਂ ਨੂੰ ਦੋ ਸਾਲ ਅਤੇ ਕੁੱਲ 700 ਘੰਟਿਆਂ ਦਾ ਸਮ੍ਹਾਂ ਲੱਗਾ ਅਤੇ ਇਸ ਕਲਾਕ੍ਰਿਤੀ ਨੂੰ ਆਸਟ੍ਰੇਲੀਆ ਤੋਂ ਯੂ.ਕੇ ਪਹੁੰਚਾਉਣ ਤੱਕ ਬਹੁਤ ਸਾਰੀ ਖੋਜ ਅਤੇ ਵਿਚਾਰ-ਵਟਾਂਦਰਾ ਵੀ ਕੀਤਾ ਗਿਆ।
ਉਹਨਾਂ ਇਹ ਵੀ ਮੰਨਿਆ ਕਿ ਇਹ ਪੇਂਟਿੰਗ ਬਣਾਉਣ ਤੋਂ ਪਹਿਲਾਂ ਉਹਨਾਂ ਨੂੰ ਸਿੱਖ ਇਤਿਹਾਸ ਬਾਰੇ ਬਹੁਤ ਘੱਟ ਜਾਣਕਾਰੀ ਸੀ ਪਰ ਹੁਣ ਉਹਨਾਂ ਨੂੰ ਉਮੀਦ ਹੈ ਕਿ ਉਹ ਇੱਕ ਦਿਨ ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਜ਼ਰੂਰ ਜਾਣਗੇ।
![giani amolak singh, randhir singh, basant singh](https://images.sbs.com.au/a0/91/903eb0bf4acfaf9db20eb7c8f2b2/jamie-cooperpics.jpg?imwidth=1280)
A close-up detail of the Golden Temple from the artwork. Credit: Supplied by Mr Cooper.
ਯੂ.ਕੇ ਦੇ ਪਰਿਵਾਰ ਨੇ ਐਸ.ਬੀ.ਐਸ ਪੰਜਾਬੀ ਨਾਲ ਗੱਲਬਾਤ ਦੌਰਾਨ ਇਸ ਕਲਾਕ੍ਰਿਤੀ ਨੂੰ ਆਪਣੇ 20 ਸਾਲਾਂ ਦਾ ਸੁਪਨਾ ਦੱਸਿਆ। ਉਹਨਾਂ ਦਾ ਕਹਿਣਾ ਹੈ ਕਿ ਉਹ ਜੇਮੀ ਕੂਪਰ ਦੇ ਸ਼ੁਕਰਗੁਜ਼ਾਰ ਹਨ ਕਿ ਉਸਨੇ ਉਹਨਾਂ ਦਾ ਇਹ ਸੁਪਨਾ ਸਾਕਾਰ ਕੀਤਾ ਹੈ।