ਵਿਕਟੋਰੀਆ ਦੀ 'ਹਿਊਮ ਸਿਟੀ ਕਾਉਂਸਿਲ' ਨੇ ਹਾਲ ਹੀ ਵਿੱਚ 'ਹਿਊਮ ਰੈਜ਼ੀਡੈਂਟ ਰਿਕੋਗਨੀਸ਼ਨ ਅਵਾਰਡਾਂ' ਰਾਹੀਂ ਆਪਣੇ ਸਥਾਨਕ ਨਾਇਕਾਂ ਨੂੰ ਉਸ਼ਾਹਿਤ ਕੀਤਾ ਹੈ।
ਵੱਖ-ਵੱਖ ਵਾਰਡਾਂ ਦੇ ਕਾਂਸਲਰਾਂ ਵੱਲੋਂ ਨਾਮਜ਼ਦ ਕੀਤੇ ਜਾਣ ਤੋਂ ਬਾਅਦ, ਹਿਊਮ ਕਾਉਂਸਿਲ ਦੇ 13 ਵਸਨੀਕਾਂ ਨੂੰ ਭਾਈਚਾਰੇ ਪ੍ਰਤੀ ਉਹਨਾਂ ਦੇ ਸਮਰਪਣ ਲਈ ਸਨਮਾਨਿਤ ਕੀਤਾ ਗਿਆ।
ਇੰਨ੍ਹਾਂ ਵਿੱਚੋਂ ਇੱਕ ਕਰੇਗੀਬਰਨ ਦੇ ਨਿਵਾਸੀ ਹਰਮਿੰਦਰ ਸਿੰਘ ਵੀ ਸਨ।
ਐਸ.ਬੀ.ਐਸ. ਪੰਜਾਬੀ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਉਹਨਾਂ ਕਦੇ ਵੀ ਕੋਈ ਇਨਾਮ ਹਾਸਲ ਕਰਨ ਬਾਰੇ ਸੋਚਿਆ ਨਹੀਂ ਸੀ ਪਰ ਇਸ ਸਨਮਾਨ ਤੋਂ ਉਹ ਹੈਰਾਨ ਵੀ ਹਨ ਅਤੇ ਨਾਲ ਹੀ ਇਸਦੇ ਸ਼ੁਕਰ-ਗੁਜ਼ਾਰ ਵੀ ਹਨ।

Harminder Singh during road rescue training. Credit: Craigieburn SES
ਇੱਕ ਐਸ.ਈ.ਐਸ. ਵਲੰਟੀਅਰ ਤੋਂ ਇਲਾਵਾ ਪਲਾਜ਼ਮਾ ਡੋਨਰ ਅਤੇ ਸ਼ੌਕੀਨ ਦੌੜਾਕ ਵਜੋਂ ਵੀ ਹਰਮਿੰਦਰ ਨਿਰਸਵਾਰਥ ਸੇਵਾ ਦੇ ਕਈ ਕੰਮਾਂ ਵਿੱਚ ਸਰਗਰਮੀ ਨਾਲ ਸ਼ਾਮਲ ਹਨ।
ਹਰਮਿੰਦਰ ਨੇ ਸੱਤ ਸਾਲ ਪਹਿਲਾਂ ਵਿਕਟੋਰੀਆ ਸਟੇਟ ਐਮਰਜੈਂਸੀ ਸਰਵਿਸ ਨਾਲ ਵਲੰਟੀਅਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਸੀ।
ਹੁਣ ਉਹ ਇੱਕ ਸੜਕ ਦੁਰਘਟਨਾ ਬਚਾਅ ਮਾਹਰ ਹਨ, ਉਹ ਕਹਿੰਦੇ ਹਨ ਕਿ ਵਲੰਟੀਅਰਿੰਗ ਉਹਨਾਂ ਲਈ ਇੱਕ ਮਾਰਗ ਰਿਹਾ ਹੈ ਜਿਸ ਨੇ ਉਹਨਾਂ ਨੂੰ ਮੁਸ਼ਕਿਲ ਸਮੇਂ ਵਿੱਚ ਸਥਾਨਕ ਭਾਈਚਾਰੇ ਦੇ ਨਾਲ ਜੁੜਨ ਦਾ ਮੌਕਾ ਦਿੱਤਾ ਹੈ।
ਉਹਨਾਂ ਨੇ ਕਰੇਗੀਬਰਨ ਐਸ.ਈ.ਐਸ. ਯੂਨਿਟ ਦੀ ਲੀਡਰਸ਼ਿਪ ਅਤੇ ਮੈਂਬਰਾਂ ਤੋਂ ਮਿਲੇ ਸਮਰਥਨ ਦਾ ਵੀ ਧੰਨਵਾਦ ਕੀਤਾ ਜਿਸ ਨੂੰ ਉਹ ਆਪਣਾ ‘ਓਰੇਂਜ ਪਰਿਵਾਰ’ ਵੀ ਕਹਿੰਦੇ ਹਨ।
ਆਪਣੇ ਸਾਥੀ ਵਲੰਟੀਅਰਾਂ ਦੀ ਪ੍ਰਸ਼ੰਸਾ ਕਰਦਿਆਂ ਉਹਨਾਂ ਕਿਹਾ ਕਿ ਸਾਡੇ ਭਾਈਚਾਰੇ ਵਿੱਚ ਉਹ ਮੱਹਤਵਪੂਰਨ ਯੋਗਦਾਨ ਪਾਉਂਦੇ ਹਨ ਅਤੇ ਕਹਿੰਦੇ ਹਨ ਕਿ ਇਸ ਪੁਰਸਕਾਰ ਲਈ ਉਹਨਾਂ ਤੋਂ ਵੀ ਜ਼ਿਆਦਾ ਯੋਗ ਹੋਰ ਬਹੁਤ ਉਮੀਦਵਾਰ ਹਨ।

Mr Singh at a UTA50 trail event. Credit: Supplied by Mr Singh.
ਉਨ੍ਹਾਂ ਦਾ ਅੰਦਾਜ਼ਾ ਹੈ ਕਿ ਹਾਲ ਹੀ ਦੇ ਸਾਲ੍ਹਾਂ ਵਿੱਚ ਉਹ ਲਗਭਗ 8,000 ਕਿਲੋਮੀਟਰ ਤੱਕ ਦੌੜ ਚੁੱਕੇ ਹਨ ਅਤੇ ਉਹ ਨਿਯਮਿਤ ਤੌਰ ਉੱਤੇ ਵੱਖ-ਵੱਖ ਦੌੜ ਦੇ ਸਮਾਗਮਾਂ ਵਿੱਚ ਵਲੰਟੀਅਰ ਵਜੋਂ ਹਿੱਸਾ ਲੈਂਦੇ ਹਨ।
ਉਹਨਾਂ ਦਾ ਕਹਿਣਾ ਕਿ ਭੱਜਣਾ ਉਹਨਾਂ ਨੂੰ ਸਿਹਤਮੰਦ ਅਤੇ ਖੁਸ਼ ਰੱਖਦਾ ਹੈ ਅਤੇ ਉਹਨਾਂ ਨੂੰ ਆਪਣੇ ਫਰਜ਼ਾਂ ਨੂੰ ਬਹਿਤਰ ਢੰਗ ਨਾਲ ਨਿਭਾਉਣ ਲਈ ਵੀ ਤਿਆਰ ਕਰਦਾ ਹੈ।

Mr Singh during his 75th plasma donation. Credit: Supplied by Mr Singh.
ਇਥੇ ਆਉਣ ਤੋਂ ਬਾਅਦ ਉਹ 100 ਦੇ ਕਰੀਬ ਖੂਨਦਾਨ ਵੀ ਕਰ ਚੁੱਕੇ ਹਨ।
ਉਹਨਾਂ ਦਾ ਕਹਿਣਾ ਹੈ ਕਿ ਖੂਨਦਾਨ ਇੱਕ ਅਜਿਹੀ ਸੇਵਾ ਹੈ ਜੋ ਕੋਈ ਵੀ ਕਰ ਸਕਦਾ ਹੈ ਫਿਰ ਚਾਹੇ ਉਸਦੀ ਵਿੱਤੀ ਸਥਿਤੀ ਕੁੱਝ ਵੀ ਹੋਵੇ ਅਤੇ ਇਹ ਕਿਸੇ ਦੀ ਜਾਨ ਵੀ ਬਚਾ ਸਕਦੀ ਹੈ।
ਉਹਨਾਂ ਦਾ ਮੰਨਣਾ ਹੈ ਕਿ ਉਹਨਾਂ ਦੇ ਪਰਿਵਾਰ ਦੇ ਸ਼ਾਨਦਾਰ ਸਮਰਥਨ ਤੋਂ ਬਿਨਾਂ ਉਹਨਾਂ ਲਈ ਇਹ ਸਭ ਕੁੱਝ ਕਰ ਸਕਣਾ ਬਹੁਤ ਮੁਸ਼ਕਿਲ ਸੀ।
ਵੀ.ਆਈ.ਸੀ.ਐਸ.ਈ.ਐਸ. ਹਰ ਸਾਲ ਹਜ਼ਾਰਾਂ ਵਿਕਟੋਰੀਆ ਵਾਸੀਆਂ ਨੂੰ ਐਮਰਜੈਂਸੀ ਸਹਾਇਤਾ ਪ੍ਰਦਾਨ ਕਰਦਾ ਹੈ।