ਕੰਵਲਪ੍ਰੀਤ ਕੌਰ, ਸਿਡਨੀ ਯੂਨਿਵਰਸਿਟੀ ਵਿੱਚ ‘ਸਿਕਲ’ਨਾਮੀ ਪਰੋਜੈਕਟ ਰਾਹੀਂ ਪ੍ਰਵਾਸੀਆਂ ਨੂੰ ਸਿਖਿਆ ਦੇ ਖੇਤਰ ਵਿੱਚ ਪੈਰ ਧਰਨ ਦੀ ਸਲਾਹ ਅਤੇ ਮਦਦ ਦਿੰਦੇ ਹਨ।
ਉਹ ਇੱਕ ਕੈਰੀਅਰ ਅਡਵਾਈਜ਼ਰ ਵਜੋਂ ਕੰਮ ਕਰਦੇ ਹੋਏ ਵਿਦਿਆਰਥੀਆਂ ਅਤੇ ਸੰਸਥਾਵਾਂ ਵਿਚਾਲੇ ਇੱਕ ਪੁਲ ਬਨਣ ਵਰਗਾ ਕੰਮ ਵੀ ਕਰ ਰਹੇ ਹਨ।
ਕਈ ਸਾਲਾਂ ਤੱਕ ਵਿਗਿਆਨ ਦੀ ਅਧਿਆਪਕਾ ਵਜੋਂ ਕੰਮ ਕਰਨ ਤੋਂ ਬਾਅਦ ਕੰਵਲਪ੍ਰੀਤ ਕੌਰ ਨੇ ਆਪਣੇ ਕਿੱਤੇ ਨੂੰ ਕੁੱਝ ਨਿਖਾਰਨ ਦੀ ਠਾਣੀ।
ਉਹਨਾਂ ਨੇ ਸਿੱਖਿਆ ਵਿਭਾਗ ਵਿੱਚ ਹੀ ਥੋੜੀ ਹੋਰ ਮਹਾਰਤ ਹਾਸਲ ਕਰਨ ਤੋਂ ਉਪਰੰਤ, ਕੈਰੀਅਰ ਐਡਵਾਈਜ਼ਰ ਦਾ ਅਹੁਦਾ ਚੁਣਿਆ।
"ਕਈ ਵਿਦਿਆਰਥੀ ਸਕੂਲ ਛੱਡਣ ਦੀ ਉਮਰ ਸਮੇਂ ਹੀ ਨੌਕਰੀ ਕਰਨਾ ਚਾਹੁੰਦੇ ਹਨ। ਇੱਕ ਕੈਰੀਅਰ ਐਡਵਾਈਜ਼ਰ ਵਜੋਂ ਮੈਂ ਉਹਨਾਂ ਨੂੰ ਸਹੀ ਦਿਸ਼ਾ ਵਲ ਵਧਦੇ ਹੋਏ ਉਹਨਾਂ ਦੀ ਪਸੰਦ ਦੇ ਕਿੱਤਿਆਂ ਦੀ ਚੋਣ ਕਰਨ ਵਿੱਚ ਮਦਦ ਕਰਦੀ ਹਾਂ," ਉਹਨਾਂ ਕਿਹਾ।
ਸ਼੍ਰੀਮਤੀ ਕੌਰ ਮੰਨਦੇ ਹਨ ਕਿ ਪੜਾਉਣ ਦਾ ਕਿੱਤਾ ਕਾਫੀ ਚੁਣੌਤੀ ਭਰਿਆ ਹੁੰਦਾ ਹੈ, ਪਰ ਉਸ ਖਾਸ ਵਿਸ਼ੇ ਦੇ ਗਿਆਨ ਅਤੇ ਆਪਣੇ ਆਪ ਨੂੰ ਲਗਾਤਾਰ ਸੁਧਾਰਨ ਦੇ ਨਾਲ ਇਹਨਾਂ ਮੁਸ਼ਕਿਲਾਂ ਨੂੰ ਸਹਿਜੇ ਹੀ ਹੱਲ ਵੀ ਕੀਤਾ ਜਾ ਸਕਦਾ ਹੈ - "ਆਪਣੇ ਵਿਦਿਆਰਥੀਆਂ ਦੀ ਮਾਨਸਿਕਤਾ ਅਤੇ ਉਹਨਾਂ ਦੇ ਗਿਆਨ ਨੂੰ ਚੰਗੀ ਤਰਾਂ ਸਮਝੋ ਅਤੇ ਇਸੇ ਨੂੰ ਅਧਾਰ ਬਣਾ ਕੇ ਹੀ ਆਪਣਾ ਪੜਾਉਣ ਦਾ ਕੰਮ ਕਰੋ।"

Source: AAP
ਅਧਿਆਪਨ ਦੇ ਖਿੱਤੇ ਨਾਲ ਕਿਵੇਂ ਜੁੜਿਆ ਜਾ ਸਕਦਾ ਹੈ, ਇਸ ਬਾਰੇ ਕੰਵਲਪ੍ਰੀਤ ਕੌਰ ਨੇ ਵਿਸਥਾਰ ਨਾਲ਼ ਦੱਸਿਆ:
1. ਉਹ ਪ੍ਰਵਾਸੀ ਜਿਨਾਂ ਕੋਲ ਪੜਾਉਣ ਲਈ ਲੋੜੀਂਦੀਆਂ ਯੋਗਤਾਵਾਂ ਨਹੀਂ ਹੁੰਦੀਆਂ, ਉਹ ਛੋਟੇ ਕੋਰਸ ਕਰਦੇ ਹੋਏ ਆਪਣੀ ਮਾਂ-ਬੋਲੀ ਵਿੱਚ ਪੜਾ ਸਕਣ ਦੇ ਯੋਗ ਹੋ ਸਕਦੇ ਹਨ।
2. ਪਰ ਜਿਨ੍ਹਾਂ ਕੋਲ ਪੜਾਉਣ ਦੀ ਲੋੜੀਂਦੀ ਯੋਗਤਾ ਹੁੰਦੀ ਹੈ, ਉਹਨਾਂ ਵਾਸਤੇ ਪਹਿਲਾ ਕਦਮ ਹੁੰਦਾ ਹੈ ਕਿ ਉਹ ਆਪਣੀਆਂ ਯੋਗਤਾਵਾਂ ਦਾ ਵਿਭਾਗ ਕੋਲੋਂ ਮੁਲਾਂਕਣ ਕਰਵਾਉਣ। ਉਸ ਤੋਂ ਬਾਅਦ ਉਹਨਾਂ ਨੂੰ ਅੰਗਰੇਜੀ ਦਾ ਇਮਤਿਹਾਨ ਪਾਸ ਕਰਨ ਦੀ ਜਰੂਰਤ ਹੁੰਦੀ ਹੈ – ਇਸ ਦੇ ਚਾਰ ਭਾਗਾਂ ਨੂੰ ਦੋ ਸਾਲਾਂ ਵਿੱਚ ਪਾਸ ਕੀਤਾ ਜਾ ਸਕਦਾ ਹੈ। ਇਸ ਸਮੁੱਚੀ ਪ੍ਰਕਿਰਿਆ ਦੇ ਚਲਦਿਆਂ ਬਾਅਦ ਵਿੱਚ ‘ਨੇਸਾ’ ਕੋਲੋਂ ਸਕੂਲਾਂ ਵਿੱਚ ਪੜਾਉਣ ਦੀ ਆਗਿਆ ਮਿਲ ਜਾਂਦੀ ਹੈ।
3. ਜਿਹੜੇ ਉਮੀਦਵਾਰਾਂ ਨੇ ਐਚ ਐਸ ਸੀ ਵਿਦੇਸ਼ਾਂ ਵਿੱਚੋਂ ਕੀਤੀ ਹੁੰਦੀ ਹੈ, ਉਹਨਾਂ ਵਾਸਤੇ ਅੰਗਰੇਜੀ ਦਾ ਇਮਤਿਹਾਨ ਪਾਸ ਕਰਨਾ ਲਾਜ਼ਮੀ ਹੁੰਦਾ ਹੈ। ਬੇਸ਼ਕ ਉਹਨਾਂ ਨੇ ਇੱਥੇ ਆ ਕੇ ਮਾਸਟਰਸ ਲੈਵਲ ਦੀ ਯੋਗਤਾ ਕਿਉਂ ਨਾ ਹਾਸਲ ਕੀਤੀ ਹੋਵੇ।
4. ਜਿਹੜੇ ਵਿਦਿਆਰਥੀਆਂ ਨੇ ਆਸਟ੍ਰੇਲੀਆ ਵਿੱਚੋਂ ਹੀ ਐਚ ਐਸ ਸੀ ਕਰਦੇ ਹੋਏ ਟੀਚਿੰਗ ਵਿੱਚ ਡਿਗਰੀ ਹਾਸਲ ਕੀਤੀ ਹੁੰਦੀ ਹੈ, ਉਹ ਸਿਰਫ ਨੇਸਾ ਕੋਲੋਂ ਇਜਾਜਤ ਲੈਕੇ ਪੜਾਉਣਾ ਸ਼ੁਰੂ ਕਰ ਸਕਦੇ ਹਨ।
5. ਜਿਨ੍ਹਾਂ ਲੋਕਾਂ ਨੇ ਆਪਣੇ ਕੈਰੀਅਰ ਨੂੰ ਬਦਲਦੇ ਹੋਏ ਅਧਿਆਪਨ ਵਿੱਚ ਆਉਣਾ ਹੈ ਉਨ੍ਹਾਂ ਵਾਸਤੇ ਵੀ ਸਹੂਲਤਾਂ ਮੌਜੂਦ ਹਨ। ਸਰਕਾਰ ਕਈ ਪ੍ਰਕਾਰ ਦੇ ਵਜੀਫਿਆਂ ਤੋਂ ਇਲਾਵਾ ਉਨ੍ਹਾਂ ਨੂੰ ਖੇਤਰੀ ਇਲਾਕਿਆਂ ਵਿੱਚ ਜਾਕੇ ਪੜਾਉਣ ਲਈ ਮਾਇਕ ਮਦਦ ਵੀ ਪ੍ਰਦਾਨ ਕਰਦੀ ਹੈ।
ਅਧਿਆਪਨ ਨਾਲ ਜੁੜਨ ਲਈ ਹੋਰ ਜਾਣਕਾਰੀ ਹੇਠਾਂ ਦਿੱਤੇ ਲਿੰਕਸ ਤੋਂ ਲਈ ਜਾ ਸਕਦੀ ਹੈ:
www.educationstandards.nsw.edu.au › wps › portal › nesa