ਪ੍ਰੇਰਣਾਦਾਇਕ ਸਫ਼ਰ: ਐਸ ਈ ਐਸ ਨਾਲ ਵਲੰਟੀਅਰ ਵਜੋਂ ਸੇਵਾ ਨਿਭਾ ਰਹੀ ਹੈ ਡਾ ਰੁਪਿੰਦਰਦੀਪ ਕੌਰ

current_media_website_banner_volunteer.jpg

ਭਾਰਤ ਤੋਂ ਉੱਚ ਵਿਦਿਆ ਹਾਸਲ ਕਰਨ ਤੋਂ ਬਾਅਦ ਇੱਕ ਸਕਿਲਡ ਮਾਈਗ੍ਰੈਂਟ ਵਜੋਂ ਪ੍ਰਵਾਸ ਕਰਕੇ ਆਸਟ੍ਰੇਲੀਆ ਆਉਣ ਵਾਲੀ ਰੁਪਿੰਦਰਦੀਪ ਕੌਰ (ਪੀਐਚਡੀ) ਪੇਸ਼ੇ ਵਜੋਂ ਸਾਊਥ ਆਸਟ੍ਰੇਲੀਆ ਯੂਨਿਵਰਸਿਟੀ ਵਿੱਚ ਫੁੱਲ ਟਾਈਮ ਲੈਕਚਰਾਰ ਹਨ ਅਤੇ ਆਪਣੇ ਅੰਤਾਂ ਦੇ ਰੁਝੇਵਿਆਂ ਵਿੱਚੋਂ ਸਮਾਂ ਕੱਢਦੇ ਹੋਏ ਆਸਟ੍ਰੇਲੀਆ ਦੀ ਸਟੇਟ ਐਮਜੈਂਸੀ ਸਰਵਿਸਿਸ ਦੇ ਨਾਲ ਇੱਕ ਵਲੰਟੀਅਰ ਵਜੋਂ ਵੀ ਸੇਵਾ ਨਿਭਾ ਰਹੇ ਹਨ।


ਐਡੀਲੇਡ ਨਿਵਾਸੀ ਰੁਪਿੰਦਰਦੀਪ ਕੌਰ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਆਪਣੇ ਆਸਟ੍ਰੇਲੀਆ ਵਿੱਚ ਆ ਕੇ ਸਥਾਪਤ ਹੋਣ ਵਾਲੇ ਸਫਰ ਨੂੰ ਸਾਂਝਿਆਂ ਕਰਦੇ ਹੋਏ ਦੱਸਿਆ ਕਿ ਦੂਜਿਆਂ ਦੀ ਸੇਵਾ ਕਰਨੀ ਹਰ ਪੰਜਾਬੀ ਵਾਂਗ ਉਹਨਾਂ ਦੇ ਖੂਨ ਵਿੱਚ ਵੀ ਰਚੀ ਹੋਈ ਹੈ।

"ਜਦੋਂ ਹੀ ਮੈਨੂੰ ਸਟੇਟ ਐਮਜੈਂਸੀ ਸਰਵਿਸਿਸ ਵਲੋਂ ਭਾਈਚਾਰੇ ਲਈ ਕੀਤੇ ਜਾਣ ਵਾਲੇ ਸ਼ਲਾਘਾਯੋਗ ਕਾਰਜਾਂ ਬਾਰੇ ਪਤਾ ਚਲਿਆ ਤਾਂ ਮੈਂ ਇਸ ਅਦਾਰੇ ਦਾ ਭਾਗ ਬਨਣ ਦੀ ਠਾਣ ਲਈ।"
SES 3.JPG
Source: SBS / Rupinderdeep Kaur
"ਮੈਂ ਇਸ ਸਮੇਂ ਐਸਈਐਸ ਲਈ ਇੱਕ ਟਰੇਨਿੰਗ ਕੌਆਰਡੀਨੇਟਰ ਵਜੋਂ ਸੇਵਾ ਨਿਭਾ ਰਹੀ ਹਾਂ ਅਤੇ ਜਿਹੜੇ ਨਵੇਂ ਵਲੰਟੀਅਰ ਇਸ ਸੰਸਥਾ ਨਾਲ ਸੇਵਾ ਕਰਨ ਲਈ ਜੁੜਦੇ ਹਨ, ਉਹਨਾਂ ਨੂੰ ਸੁਰੱਖਿਆ, ਟੂਲਕਿੱਟ ਦੀ ਸਹੀ ਵਰਤੋਂ, ਉਪਰੇਸ਼ਨਸ, ਸਰਚ ਆਦਿ ਦੀ ਟਰੇਨਿੰਗ ਦਿੰਦੀ ਹਾਂ," ਉਨ੍ਹਾਂ ਕਿਹਾ।

ਇੱਕ ਖਾਸ ਘਟਨਾ ਦਾ ਜ਼ਿਕਰ ਕਰਦੇ ਹੋਏ ਰੁਪਿੰਦਰਦੀਪ ਨੇ ਦੱਸਿਆ ਕਿ,"ਇੱਕ ਵਾਰ ਮੈਂ ਕੁੱਝ ਹੋਰ ਵਲੰਟੀਅਰਸ ਦੇ ਨਾਲ ਮਿਲ ਕੇ ਤੂਫਾਨ ਕਾਰਨ ਇੱਕ ਘਰ ਉੱਤੇ ਡਿੱਗੇ ਦਰਖਤ ਨੂੰ ਹਟਾਉਣ ਲਈ ਗਈ ਤਾਂ ਦੇਖਿਆ ਕਿ ਉਹ ਘਰ ਇੱਕ ਬਜ਼ੁਰਗ ਪੰਜਾਬੀ ਜੋੜੇ ਦਾ ਹੈ। ਜਦੋਂ ਮੈਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਤਾਂ ਉਹਨਾਂ ਨੇ ਬੜੇ ਅਚੰਭੇ ਨਾਲ ਮੈਂਨੂੰ ਦੇਖਿਆ ਅਤੇ ਨਾਲ ਹੀ ਸ਼ਾਬਾਸ਼ੀ ਵੀ ਦਿੱਤੀ।"

ਗੱਲਬਾਤ ਦੌਰਾਨ ਉਹਨਾਂ ਇਹ ਵੀ ਦੱਸਿਆ ਕਿ ਬਹੁਤ ਸਾਰੇ ਨਵੇਂ ਪ੍ਰਵਾਸੀਆਂ ਨੂੰ ਇਹੀ ਨਹੀਂ ਪਤਾ ਹੁੰਦਾ ਕਿ ਐਸਈਐਸ ਵਰਗੇ ਅਦਾਰੇ ਕਿਹੋ ਜਿਹੀ ਮੱਦਦ ਪ੍ਰਦਾਨ ਕਰਦੇ ਹਨ। ਇਸ ਲਈ ਲੋੜ ਹੈ ਇਸ ਬਾਰੇ ਜਾਗਰੂਕ ਕਰਨ ਦੀ ਅਤੇ ਅਜਿਹਾ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਇਸ ਸੰਸਥਾ ਦਾ ਹਿੱਸਾ ਬਣਦੇ ਹੋਏ ਦੂਜਿਆਂ ਦੀ ਸੇਵਾ ਕੀਤੀ ਜਾਵੇ।

ਨਵੇਂ ਆਏ ਪ੍ਰਵਾਸੀਆਂ ਨੂੰ ਵਲੰਟੀਅਰ ਵਜੋਂ ਸੇਵਾ ਕਰਨ ਲਈ ਪ੍ਰੇਰਤ ਕਰਨ ਵਾਸਤੇ ਐਸਈਐਸ ਵਲੋਂ ਤਿਆਰ ਕੀਤੇ ਪੋਸਟਰਾਂ ਅਤੇ ਛੋਟੀਆਂ ਫਿਲਮਾਂ ਵਿੱਚ ਵੀ ਰੁਪਿੰਦਰਦੀਪ ਨੂੰ ਪ੍ਰਮੁੱਖ ਚੇਹਰੇ ਵਜੋਂ ਸ਼ਾਮਲ ਕੀਤਾ ਗਿਆ ਹੈ।

ਮਾਨਸਿਕ ਸਿਹਤ ਦੇ ਨਾਲ ਨਾਲ ਸ਼ਰੀਰਕ ਸਿਹਤ ਨਰੋਈ ਰੱਖਣ ਦਾ ਸੁਨੇਹਾ ਦੇਣ ਵਾਲੀ ਰੁਪਿੰਦਰਦੀਪ ਕੌਰ ਨੌਜਵਾਨਾਂ ਲਈ ਇੱਕ ਮਾਰਗ-ਦਰਸ਼ਕ ਵਜੋਂ ਵੀ ਸੇਵਾ ਨਿਭਾ ਰਹੀ ਹੈ।
Chess 3.JPG
Source: SBS / Rupinderdeep Kaur
ਪਿੱਛੇ ਜਿਹੇ ਐਡੀਲੇਡ ਵਿੱਚ ਕਰਵਾਈਆਂ ਸਿੱਖ ਖੇਡਾਂ ਵਿੱਚ ਰੁਪਿੰਦਰਦੀਪ ਨੇ ਫੀਲਡ ਖੇਡਾਂ ਦੇ ਨਾਲ ਨਾਲ ਚੈੱਸ ਵਿੱਚ ਵੀ ਨਾਮਣਾਂ ਖੱਟਿਆ ਸੀ।

ਨਵੇਂ ਆਉਣ ਵਾਲੇ ਪ੍ਰਵਾਸੀਆਂ ਖਾਸ ਕਰਕੇ ਵਿਦਿਆਰਥੀਆਂ ਲਈ ਇੱਕ ਸੁਨੇਹਾ ਦਿੰਦੇ ਹੋਏ ਰੁਪਿੰਦਰਦੀਪ ਨੇ ਕਿਹਾ, "ਜਦੋਂ ਵੀ ਕੋਈ ਆਸਟ੍ਰੇਲੀਆ ਆਉਂਦਾ ਹੈ ਤਾਂ ਲੋਕਲ ਤਜੁਰਬੇ ਦੀ ਘਾਟ ਕਾਰਨ ਪਹਿਲੀ ਨੌਕਰੀ ਪ੍ਰਾਪਤ ਕਰਨ ਵਿੱਚ ਕਾਫੀ ਮੁਸ਼ਕਲ ਪੇਸ਼ ਆਉਂਦੀ ਹੈ। ਪਰ ਐਸਈਐਸ ਜਾਂ ਇਸ ਵਰਗੀ ਕਿਸੇ ਵੀ ਹੋਰ ਸੰਸਥਾ ਦੇ ਨਾਲ ਵਲੰਟੀਅਰ ਵਜੋਂ ਸੇਵਾ ਕਰਦੇ ਹੋਏ ਇਹ ਲੋੜੀਂਦਾ ਲੋਕਲ ਤਜੁਰਬਾ ਸਹਿਜੇ ਹੀ ਹਾਸਲ ਕੀਤਾ ਜਾ ਸਕਦਾ ਹੈ।"

ਰੁਪਿੰਦਰਦੀਪ ਵਾਂਗ ਜੇ ਤੁਸੀਂ ਵੀ ਕਿਸੇ ਸੰਸਥਾ ਲਈ ਵਲੰਟੀਅਰ ਵਜੋਂ ਸੇਵਾ ਨਿਭਾ ਰਹੇ ਹੋ ਤਾਂ ਸਾਡੇ ਨਾਲ ਸੰਪਕਰ ਕਰੋ, ਅਸੀਂ ਤੁਹਾਡੀਆਂ ਪ੍ਰਾਪਤੀਆਂ ਨੂੰ ਭਾਈਚਾਰੇ ਨਾਲ ਸਾਂਝਿਆਂ ਕਰਨਾ ਚਾਹਾਂਗੇ।

ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।


Share