ਕਰੋਨਾਵਾਇਰਸ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਗੁਰਦਵਾਰਾ ਸਾਹਿਬ ਗਲੈੱਨਵੁੱਡ ਨੂੰ ਵੀ ਬਾਕੀ ਦੇ ਧਾਰਮਿਕ ਸਥਾਨਾਂ ਵਾਂਗ ਹੀ 16 ਮਾਰਚ ਤੋਂ ਸ਼ਰਧਾਲੂਆਂ ਵਾਸਤੇ ਬੰਦ ਕਰਨਾ ਪਿਆ ਸੀ।
ਪਰ ਭਾਈਚਾਰੇ ਦੀ ਸੇਵਾ ਕਰਨ ਦੇ ਆਸ਼ੇ ਨਾਲ ਪ੍ਰਬੰਧਕਾਂ ਅਤੇ ਸੇਵਾਦਾਰਾਂ ਵਲੋਂ ਅਰੰਭੇ ਉਪਰਾਲੇ ਤਹਿਤ ਰੋਜਾਨਾ ਟਿਫਿਨ ਸਹਾਇਤਾ ਜਾਰੀ ਹੈ।
ਏ ਐਸ ਏ ਦੇ ਸਤਨਾਮ ਬਾਜਵਾ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, "ਗੁਰਦਵਾਰਾ ਸਾਹਿਬ ਦੇ ਦੋ ਸੇਵਾਦਾਰ ਹਰ ਰੋਜ ਲੰਗਰ ਤਿਆਰ ਕਰਕੇ ਟੇਕ-ਅਵੇ ਟਿਫਿਨ ਭਰਦੇ ਹਨ। ਇਹ ਟਿਫਿਨ ਸ਼ਾਮ 6 ਤੋਂ 8 ਵਜੇ ਤੱਕ ਇੱਕ ਗਰਮ ਰੱਖਣ ਵਾਲੇ ਬਾਕਸ ਵਿੱਚ ਪਾਕੇ ਗੁਰਦਵਾਰਾ ਸਾਹਿਬ ਦੇ ਗੇਟ ਕੋਲ ਰੱਖਿਆ ਜਾਂਦਾ ਹੈ ਜਿੱਥੋਂ ਲੋੜਵੰਦ ਆਕੇ ਇਹਨਾਂ ਨੂੰ ਆਪਣੀ ਲੋੜ ਅਨੁਸਾਰ ਲੈ ਜਾਂਦੇ ਹਨ।"
"ਸਰਕਾਰ ਵਲੋਂ ਸਮਾਜਕ ਦੂਰੀਆਂ ਅਤੇ ਸਾਫ-ਸਫਾਈ ਦਾ ਖਿਆਲ ਰੱਖਦੇ ਹੋਏ ਖਾਣਾ ਬਨਾਉਣ ਸਮੇਂ ਹੱਥਾਂ ਵਿੱਚ ਦਸਤਾਨੇ ਪਾਏ ਜਾਂਦੇ ਹਨ ਅਤੇ ਮੂੰਹ ਨੂੰ ਮਾਸਕ ਨਾਲ ਢੱਕ ਕੇ ਰੱਖਿਆ ਜਾਂਦਾ ਹੈ," ਸ੍ਰੀ ਬਾਜਵਾ ਨੇ ਦੱਸਿਆ।
ਰੋਜ਼ਾਨਾ ਦੇ ਔਸਤਨ 250 ਦੇ ਕਰੀਬ ਟਿਫਿਨ ਭਾਈਚਾਰੇ ਵਿੱਚ ਵੰਡੇ ਜਾਂਦੇ ਹਨ - ਸ਼੍ਰੀ ਬਾਜਵਾ ਨੇ ਦੱਸਿਆ ਕਿ ਸੇਵਾਦਾਰ ਕਈ ਅਜਿਹੇ ਘਰਾਂ ਵਿੱਚ ਵੀ ਖਾਣ ਪਹੁੰਚਾ ਕੇ ਆਉਂਦੇ ਹਨ, ਜਿਨਾਂ ਵਿੱਚ ਬਜ਼ੁਰਗ, ਮਰੀਜ ਜਾਂ ਵਿਦੇਸ਼ਾਂ ਤੋਂ ਆਏ ਉਹ ਲੋਕ ਰਹਿ ਰਹੇ ਹਨ ਜੋ ਕਿ ਆਪਣੇ ਆਪ ਨੂੰ ਲਾਜ਼ਮੀ 14 ਦਿਨਾਂ ਦੀ ਇਕੱਲਤਾ ਵਿੱਚ ਰੱਖ ਰਹੇ ਹਨ।
ਹੁਣ ਐਸੋਸ਼ਿਏਸ਼ਨ ਨੇ ਲੋਕਲ ਹਸਪਤਾਲਾਂ ਨਾਲ ਸੰਪਰਕ ਕਰਦੇ ਹੋਏ ਪੁੱਛਿਆ ਹੈ ਕਿ ਉਹਨਾਂ ਨੂੰ ਕਿਸ ਪ੍ਰਕਾਰ ਦੀ ਮਦਦ ਚਾਹੀਦੀ ਹੈ?
ਕਰੋਨਾਵਾਇਰਸ ਕਰਕੇ ਕਾਫੀ ਸਟਾਫ ਮੈਂਬਰ ਦੇਰ ਸ਼ਾਮ ਤੱਕ ਕੰਮ ਕਰਦੇ ਹਨ ਅਤੇ ਘਰ ਵਾਪਸ ਜਾਣ ਸਮੇਂ ਬਹੁਤ ਸਾਰੇ ਰੈਸਟੋਰੈਂਟ ਬੰਦ ਹੋ ਚੁੱਕੇ ਹੁੰਦੇ ਹਨ ਅਤੇ ਉਹਨਾਂ ਨੂੰ ਖਾਣਾ ਲੈਣ ਵਿੱਚ ਕਾਫੀ ਮੁਸ਼ਕਲ ਹੁੰਦੀ ਹੈ।
ਸ਼੍ਰੀ ਬਾਜਵਾ ਨੇ ਦੱਸਿਆ ਕਿ ਹਸਪਤਾਲਾਂ ਵਾਸਤੇ ਇਹ ਟਿਫਿਨ ਸੇਵਾ 30 ਮਾਰਚ ਤੋਂ ਸ਼ੁਰੂ ਕੀਤੀ ਗਈ ਹੈ - "ਸਾਨੂੰ ਭਾਈਚਾਰੇ ਵਲੋਂ ਮਦਦ ਦੀ ਭਰਪੂਰ ਪੇਸ਼ਕਸ਼ ਆਈ ਹੈ, ਪਰ ਅਜੋਕੀਆਂ ਬੰਦਸ਼ਾਂ ਕਾਰਨ ਅਸੀਂ ਸਾਰਿਆਂ ਨੂੰ ਮੌਕਾ ਨਹੀਂ ਸਕਦੇ ਅਤੇ ਇਸ ਲਈ ਅਸੀਂ ਮਾਫੀ ਮੰਗਦੇ ਹਾਂ।"
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦੀ।
ਜੇ ਤੁਸੀਂ ਵਿਦੇਸ਼ ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋ, ਪਰ ਉਸ ਕੋਲ਼ ਨਾ ਜਾਓ, ਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।
ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀ ਲਈ sbs.com.au/coronavirus 'ਤੇ ਜਾਓ।