ਜਸਮੀਨ ਪੰਨੂ ਨੇ ਆਪਣੀ ਪੁਸਤਕ ਦੀ ਛਪਾਈ ਮੁਲਤਵੀ ਕਰਕੇ ਉੱਭਰ ਰਹੇ ਲਿਖਾਰੀਆਂ ਦੀ ਮਾਲੀ ਮੱਦਦ ਕਰਨ ਦਾ ਲਿਆ ਫੈਸਲਾ

Jasmeen Kaur Pannu

Anti-Frauds officer in one ofAustralia's leading bank. Source: Jasmeen Kaur Pannu

ਜਦੋਂ ਜਸਮੀਨ ਪਨੂੰ ਆਪਣੀ ਪਹਿਲੀ ਕਿਤਾਬ ਪ੍ਰਕਾਸ਼ਤ ਕਰਨ ਬਾਰੇ ਸੋਚ ਰਹੀ ਸੀ ਤਾਂ ਉਸ ਨੂੰ ਕੁਝ ਹੋਰ ਉਭਰ ਰਹੇ ਲੇਖਕਾਂ ਦਾ ਪਤਾ ਚੱਲਿਆ ਜੋ ਵਿੱਤੀ ਕਾਰਨਾਂ ਕਰਕੇ ਆਪਣੀਆਂ ਕਿਤਾਬਾਂ ਪ੍ਰਕਾਸ਼ਤ ਕਰਨ ਵਿੱਚ ਅਸਮਰੱਥ ਸਨ। ਜਿਸਨੇ ਜੈਸਮੀਨ ਨੂੰ ਆਪਣੀ ਕਿਤਾਬ ਦੇ ਪ੍ਰਕਾਸ਼ਨ ਨੂੰ ਮੁਲਤਵੀ ਕਰਨ ਅਤੇ ਦੂਜਿਆਂ ਦੀ ਮਦਦ ਕਰਨ ਲਈ ਸੋਚਣ ‘ਤੇ ਮਜਬੂਰ ਕੀਤਾ।


ਸਿਡਨੀ ਦੇ ਇੱਕ ਵੱਡੇ ਬੈਂਕ ਵਿੱਚ ਕੰਮ ਕਰਨ ਵਾਲੀ ਜਸਮੀਨ ਕੌਰ ਪੰਨੂੰ ਨੇ ਕਾਫੀ ਸਮਾਂ ਪਹਿਲਾਂ ਤੋਂ ਹੀ ਪੰਜਾਬੀ ਵਿੱਚ ਲਿੱਖਣਾ ਸ਼ੁਰੂ ਕਰ ਦਿੱਤਾ ਸੀ।

ਇਸ ਸਮੇਂ ਜਦੋਂ ਉਹ ਆਪਣੀ ਪਹਿਲੀ ਪੁਸਤਕ ਛਪਵਾਉਣ ਬਾਰੇ ਸੋਚ ਰਹੀ ਸੀ ਤਾਂ ਕੁੱਝ ਅਜਿਹੇ ਲਿਖਾਰੀ ਅਤੇ ਉਹਨਾਂ ਦੀਆਂ ਲਿਖਤਾਂ ਜਸਮੀਨ ਦੇ ਸਾਹਮਣੇ ਆਈਆਂ, ਜਿਹਨਾਂ ਨੂੰ ਪੜ੍ਹਨ ਤੋਂ ਬਾਅਦ ਉਸ ਨੂੰ ਲੱਗਿਆ ਕਿ ਉਸ ਦੀ ਪੁਸਤਕ ਛਪਣ ਤੋਂ ਪਹਿਲਾਂ ਇਹਨਾਂ ਉੱਭਰ ਰਹੇ ਲਿਖਾਰੀਆਂ ਦੀਆਂ ਲਿਖਤਾਂ ਲੋਕਾਂ ਦੇ ਸਾਹਮਣੇ ਆਉਣੀਆਂ ਚਾਹੀਦੀਆਂ ਹਨ, ਜੋ ਕਿ ਵਿੱਤੀ ਕਾਰਨਾਂ ਕਰਕੇ ਅਜਿਹਾ ਨਹੀਂ ਕਰ ਪਾ ਰਹੇ ਸਨ।

ਅਤੇ ਉਸਨੇ ਆਪਣੀ ਪੁਸਤਕ ਦੀ ਛਪਾਈ ਨੂੰ ਮੁਲਤਵੀ ਕਰਦੇ ਹੋਏ ਹੁਣ ਹੋਰਨਾਂ ਲਿਖਾਰੀਆਂ ਦੀ ਮਾਲੀ ਮੱਦਦ ਕਰਨੀ ਸ਼ੁਰੂ ਕਰ ਦਿੱਤੀ ਹੈ।

ਜਸਮੀਨ, ਜੋ ਮੈਲਬੌਰਨ ਸਥਿਤ ਇੱਕ ਸਾਹਿਤਕ ਸੰਸਥਾ 'ਪੰਜਾਬੀ ਸੱਥ' ਨਾਲ ਵੀ ਜੁੜੀ ਹੋਈ ਹੈ, ਨੇ ਹਰ ਸਾਲ ਘੱਟੋ-ਘੱਟ ਦੋ ਉੱਭਰ ਰਹੇ ਲੇਖਕਾਂ ਦੀਆਂ ਰਚਨਾਵਾਂ ਪ੍ਰਕਾਸ਼ਿਤ ਕਰਨ ਲਈ ਵਚਨਬੱਧਤਾ ਪ੍ਰਗਟਾਈ ਹੈ।

ਆਸਟ੍ਰੇਲੀਆ ਦੇ ਇੱਕ ਵੱਡੇ ਬੈਂਕ ਵਿੱਚ ਨੌਕਰੀ ਕਰਨ ਦੇ ਬਾਵਜੂਦ ਸਾਹਿਤ ਲਿਖਣ ਦਾ ਕੰਮ ਲਗਾਤਾਰ ਜਾਰੀ ਰੱਖਣ ਵਾਲੀ ਜਸਮੀਨ ਆਖਦੀ ਹੈ ਕਿ, “ਮੇਰੇ ਲਈ ਚੰਗਾ ਸਾਹਿਤ ਪੜਨਾ ਅਤੇ ਲਿਖਣਾ, ਚੰਗਾ ਖਾਣਾ ਖਾਣ ਦੇ ਬਰਾਬਰ ਹੈ।”
Jasmeen Kaur Pannu
The young mother loves writing bold and revolutionary poems. Source: Jasmeen Kaur Pannu
ਜਸਮੀਨ ਦੇ ਪਤੀ ਜੋ ਕਿ ਆਈ ਟੀ ਖੇਤਰ ਵਿੱਚ ਅਫਸਰ ਹਨ ਅਤੇ ਉਹ ਖੁਦ ਵੀ ਲਿਖਣ ਦਾ ਸ਼ੌਂਕ ਰੱਖਦੇ ਹਨ।

ਪਰ ਸਮੇਂ ਦੇ ਚੱਕਰ ਨੇ ਜਿੰਦਗੀ ਵਿੱਚ ਕੁੱਝ ਅਜਿਹੀਆਂ ਤਬਦੀਲੀਆਂ ਲਿਆਉਂਦੀਆਂ ਕਿ ਜਸਮੀਨ ਲਿੱਖਣ ਵਾਲੇ ਕਾਰਜ ਤੋਂ ਦੂਰ ਹੁੰਦੀ ਗਈ।

ਉਸਨੇ ਦੱਸਿਆ ਕਿ, “ਮੇਰੇ ਪਤੀ ਮੈਨੂੰ ਆਪਣੀਆਂ ਨਵੀਆਂ ਲਿਖਤਾਂ ਨੂੰ ਪੜਨ ਅਤੇ ਸੁਧਾਰਨ ਲਈ ਦਿੰਦੇ ਰਹਿੰਦੇ ਸਨ। ਇਸ ਤੋਂ ਮੇਰਾ ਸ਼ੌਂਕ ਇੱਕ ਵਾਰ ਫੇਰ ਤੋਂ ਜਾਗਿਆ ਅਤੇ ਮੈਂ ਆਪ ਵੀ ਦੁਬਾਰਾ ਲਿਖਣਾ ਸ਼ੁਰੁ ਕਰ ਦਿੱਤਾ”।

ਉਸਨੇ ਅੱਗੇ ਕਿਹਾ, “ਕੁਝ ਸਮੇ ਬਾਅਦ ਮੈਂ ਅਤੇ ਮੇਰੇ ਪਤੀ ਨੇ ਆਪਣੀ ਇੱਕ ਸਾਂਝੀ ਕਿਤਾਬ ਪ੍ਰਕਾਸ਼ਤ ਕਰਵਾਉਣ ਬਾਰੇ ਸੋਚਿਆ ਅਤੇ ਉਸੇ ਸਮੇਂ ਮੈਨੂੰ ਕੁੱਝ ਅਜਿਹੇ ਲਿਖਾਰੀਆਂ ਦੀਆਂ ਲਿਖਤਾਂ ਪੜਨ ਦਾ ਮੌਕਾ ਮਿਲਿਆ ਜੋ ਕਿ ਬਹੁਤ ਹੀ ਵਧੀਆ ਲਿਖਦੇ ਸਨ, ਪਰ ਮਾਲੀ ਹਾਲਤ ਠੀਕ ਨਾ ਹੋਣ ਕਾਰਨ ਉਹਨਾਂ ਨੂੰ ਛਪਵਾ ਨਹੀਂ ਪਾ ਰਹੇ ਸਨ।"

ਜਸਮੀਨ ਨੇ ਆਪਣੇ ਪਤੀ ਨਾਲ ਸਲਾਹ ਕਰਦੇ ਹੋਏ ਆਪਣੀ ਪੁਸਤਕ ਦੀ ਪ੍ਰਕਾਸ਼ਨਾ ਕੁੱਝ ਹੋਰ ਸਮੇਂ ਲਈ ਅੱਗੇ ਪਾਉਣ ਦਾ ਫੈਸਲਾ ਲਿਆ ਅਤੇ ਉਹਨਾਂ ਪੈਸਿਆਂ ਨਾਲ ਉੱਭਰ ਰਹੇ ਲਿਖਾਰੀਆਂ ਦੀ ਮੱਦਦ ਕਰਨ ਦਾ ਨਿਰਣਾ ਕੀਤਾ।

ਉਹ ਦਸਦੀ ਹੈ, “ਅਸੀਂ ਇੱਕ ਪੁਸਤਕ ਹਾਲ ਵਿੱਚ ਹੀ ਪ੍ਰਕਾਸ਼ਤ ਕਰਵਾਈ ਹੈ ਅਤੇ ਇਸ ਕਾਰਜ ਨੂੰ ਹੁਣ ਹੋਰ ਅੱਗੇ ਵਧਾਉਣਾ ਚਾਹੁੰਦੇ ਹਾਂ”।

ਜਸਮੀਨ ਪੰਜਾਬੀ ਸੱਥ ਮੈਲਬਰਨ ਨਾਲ ਉੱਪ ਪ੍ਰਧਾਨ ਵਜੋਂ ਸੇਵਾ ਨਿਭਾ ਰਹੀ ਹੈ, ਅਤੇ ਜਿੱਥੇ ਸਾਰੇ ਮਿਲ ਕੇ ਹਰ ਹਫਤੇ ਇੱਕ ਜਾਂ ਦੋ ਸਾਹਿਤਕ ਬੈਠਕਾਂ ਵੀ ਆਯੋਜਿਤ ਕਰਦੇ ਹਨ।

Share