ਉੱਘੀ ਅਥਲੈਟਿਕਸ ਕੋਚ ਅਤੇ ਅੰਤਰਰਾਸ਼ਟਰੀ ਖਿਡਾਰਨ ਪਤਵੰਤ ਕੌਰ, ਸ਼ਾਟਪੁੱਟ ਦੀ ਖੇਡ ਵਿੱਚ ਭਾਰਤ ਦੀ ਕੌਮੀ ਚੈਂਪੀਅਨ ਰਹੀ ਹੈ ਅਤੇ ਉਹ ਇਸ ਖੇਡ ਵਿੱਚ ਕੌਮਨਵੈਲਥ ਖੇਡਾਂ ਵਿੱਚ ਭਾਰਤ ਨੂੰ ਨੁਮਾਇੰਦਗੀ ਵੀ ਦੇ ਚੁੱਕੀ ਹੈ।
ਉਨਾਂ ਦੇ ਪਰਿਵਾਰ ਵਿੱਚ ਕਈ ਨਾਮਵਰ ਅਥਲੀਟ ਹੋਏ ਹਨ ਜਿਨਾਂ ਵਿੱਚ ਪੰਜ ਅੰਤਰਰਾਸ਼ਟਰੀ ਪੱਧਰ ਦੇ ਮੈਡਲਿਸਟ ਤੇ ਦੋ ਉਲੰਪੀਅਨ ਵੀ ਸ਼ਾਮਿਲ ਹਨ|
ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰਦਿਆਂ ਪਤਵੰਤ ਕੌਰ ਨੇ ਦੱਸਿਆ ਕਿ ਉਸ ਦੇ ਦਾਦਾ ਜੀ ਦਲੀਪ ਸਿੰਘ ਨੇ ਉਨ੍ਹਾਂ ਦੇ ਪਰਿਵਾਰ ਵਿੱਚ ਖੇਡਾਂ ਪ੍ਰਤੀ ਚਿਣਗ ਲਾਈ।
"ਦਾਦਾ ਜੀ ਨੇ ਆਪਣਾ ਘਰ ਦਾ ਹੀ ਟਰੈਕ ਬਣਵਾ ਲਿਆ ਸੀ ਜਿਥੇ ਅਸੀਂ ਬਹੁਤ ਸਖ਼ਤ ਮਾਹੌਲ ਵਿੱਚ ਸਿਖਲਾਈ ਲਈ। ਅਸੀਂ ਸਾਂਝੇ ਪਰਿਵਾਰ ਦੇ ਕੁੱਲ ਨੌ ਬੱਚੇ ਸੀ ਅਤੇ ਉਨ੍ਹਾਂ ਵਿਚੋਂ ਬਹੁਤਿਆਂ ਨੇ ਖੇਡਾਂ ਵਿੱਚ ਮਾਣ-ਮੱਤੇ ਮੁਕਾਮ ਹਾਸਿਲ ਕੀਤੇ," ਉਨ੍ਹਾਂ ਦੱਸਿਆ।
ਪਤਵੰਤ ਕੌਰ ਨੇ ਸਪੋਰਟਸ ਖੇਤਰ ਵਿੱਚ ਡਿਪਲੋਮਾ ਅਤੇ ਮਾਸਟਰ ਆਫ ਸਾਇੰਸ ਤੋਂ ਬਾਅਦ ਐਮ ਫਿਲ ਦੀ ਡਿਗਰੀ ਵੀ ਹਾਸਿਲ ਕੀਤੀ।
ਆਪਣੀ ਇਸ ਪੜ੍ਹਾਈ ਤੇ ਸਿਖਲਾਈ ਤੋਂ ਬਾਅਦ ਉਹ ਇੱਕ ਅਥਲੈਟਿਕ ਕੋਚ ਵਜੋਂ ਸਥਾਪਤ ਹੋ ਚੁੱਕੀ ਹੈ।
ਇਸ ਵੇਲੇ ਉਹ ਮੈਲਬੌਰਨ ਦੇ ਦੱਖਣ ਪੂਰਬੀ ਇਲਾਕੇ ਕ੍ਰੇਨਬਰਨ ਵਿੱਚ ਤਕਰੀਬਨ 20 ਤੋਂ 25 ਬੱਚਿਆਂ ਨੂੰ ਸਿਖਲਾਈ ਦੇ ਰਹੀ ਹੈ ਅਤੇ ਤਕਰੀਬਨ 10 ਤੋਂ 15 ਬੱਚੇ ਪੈਕਨਮ ਵਿੱਚ ਸਿਖਲਾਈ ਲੈਂਦੇ ਹਨ।
"ਮੇਰਾ ਮਨਸ਼ਾ ਇਹਨਾਂ ਬੱਚਿਆਂ ਨੂੰ ਤੰਦਰੁਸਤ ਰੱਖਣ ਅਤੇ ਕੌਮੀ ਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਬਣਾਉਣ ਦਾ ਹੈ। ਇਸ ਟੀਚੇ ਦੀ ਪ੍ਰਾਪਤੀ ਲਈ ਮੈਂ ਕਾਫੀ ਮਿਹਨਤ ਕਰਦੀ ਹਾਂ ਤੇ ਇਹ ਟ੍ਰੇਨਿੰਗ ਸੱਤੇ ਦਿਨ ਚਲਦੀ ਹੈ," ਉਨ੍ਹਾਂ ਕਿਹਾ।
ਪਤਵੰਤ ਦਾ ਸੁਪਨਾ ਹੈ ਕਿ ਭਾਈਚਾਰੇ ਦੇ ਬੱਚੇ ਆਉਣ ਵਾਲ਼ੇ ਸਮੇ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਹੁੰਦੇ ਮੁਕਾਬਲਿਆਂ ਵਿੱਚ ਨਾ ਸਿਰਫ ਆਸਟ੍ਰੇਲੀਆ ਦੀ ਨੁਮਾਇੰਦਗੀ ਕਰਨ ਬਲਕਿ ਮੈਡਲ ਵੀ ਜਿੱਤਣ - ਪਰ ਇਸ ਲਈ ਉਹ ਮਾਪਿਆਂ ਦੇ ਯੋਗਦਾਨ ਨੂੰ ਅਹਿਮ ਮੰਨਦੀ ਹੈ।
ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਮਾਂ ਦੇਣਾ ਚਾਹੀਦਾ ਹੈ। ਉਹਨਾਂ ਨੂੰ ਗਰਾਊਂਡਾਂ ਵਿੱਚ ਲਿਆਉਣ ਨਾਲ ਹੀ ਕੰਮ ਖਤਮ ਨਹੀਂ ਹੋ ਜਾਂਦਾ ਸਗੋਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਘਰੇ ਵੀ ਉਨ੍ਹਾਂ ਨੂੰ ਇਸ ਪਾਸੇ ਲਾਈ ਰੱਖਣ।ਅਥਲੈਟਿਕਸ ਕੋਚ, ਪਤਵੰਤ ਕੌਰ (ਮੈਲਬੌਰਨ)
"ਇਸਤੋਂ ਇਲਾਵਾ ਖੁਰਾਕ, ਸਰੀਰਕ ਯੋਗਤਾ ਤੇ ਫਿਟਨੈਸ 'ਤੇ ਧਿਆਨ ਦੇਣਾ ਵੀ ਬਹੁਤ ਜਰੂਰੀ ਹੋ ਨਿਬੜਦਾ ਹੈ। ਨਹੀਂ ਤਾਂ ਬੱਚੇ ਟ੍ਰੇਨਿੰਗ ਲੋਡ ਦੌਰਾਨ ਜ਼ਖਮੀ ਹੋ ਸਕਦੇ ਹਨ, ਇੰਜਰ ਹੋ ਸਕਦੇ ਹਨ।"
ਪਤਵੰਤ ਨੇ ਕਿਹਾ ਕਿ ਉਸਨੂੰ ਖੁਸ਼ੀ ਹੈ ਕਿ ਪੰਜਾਬੀ ਭਾਈਚਾਰੇ ਦੇ ਬਹੁਤ ਸਾਰੇ ਬੱਚੇ ਇਸ ਵੇਲੇ ਰਾਜ ਤੇ ਕੌਮੀ ਪੱਧਰ ਦੇ ਮੁਕਾਬਲੇ ਜਿੱਤ ਕੇ ਮਾਣ-ਮੱਤੀਆਂ ਪ੍ਰਾਪਤੀਆਂ ਦਰਜ ਕਰ ਰਹੇ ਹਨ।
“ਮੈਨੂੰ ਪ੍ਰਤੀਤ ਹੁੰਦਾ ਹੈ ਕਿ ਸਾਡੇ ਭਾਈਚਾਰੇ ਲਈ ਅਥਲੈਟਿਕਸ ਖੇਤਰ ਵਿੱਚ ਆਉਣ ਵਾਲਾ ਸਮਾਂ ਇੱਕ ਸੁਨਹਿਰੀ ਯੁੱਗ ਸਾਬਿਤ ਹੋ ਸਕਦਾ ਹੈ - ਬਸ਼ਰਤੇ ਕਿ ਬੱਚਿਆਂ ਦੇ ਮਾਪੇ ਉਨ੍ਹਾਂ ਨੂੰ ਬਣਦਾ ਸਮਾਂ ਤੇ ਧਿਆਨ ਦੇਣ ਅਤੇ ਉਨ੍ਹਾਂ ਨੂੰ ਲੋੜੀਂਦੀ ਫਿਟਨੈਸ ਤੇ ਸਪੋਰਟਸ ਟ੍ਰੇਨਿੰਗ ਮੁਹਈਆ ਕਰਵਾਈ ਜਾਵੇ," ਉਨ੍ਹਾਂ ਕਿਹਾ।
ਹੋਰ ਵੇਰਵੇ ਲਈ ਇਹ ਇੰਟਰਵਿਊ ਸੁਣੋ.....
LISTEN TO

ਅਥਲੈਟਿਕਸ ਕੋਚ ਅਤੇ ਅੰਤਰਰਾਸ਼ਟਰੀ ਖਿਡਾਰਨ ਪਤਵੰਤ ਕੌਰ ਨੂੰ ਪੰਜਾਬੀ ਬੱਚਿਆਂ ਤੋਂ ਵੱਡੀਆਂ ਉਮੀਦਾਂ
SBS Punjabi
19:31
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।