ਐਂਥਨੀ ਅਲਬਨੀਜ਼ੀ ਦੀ ਅਗਵਾਈ ਵਾਲੀ ਲੇਬਰ ਸਰਕਾਰ ਨੇ ਆਸਟ੍ਰੇਲੀਆ ਦੀਆਂ ਮਾਈਗ੍ਰੇਸ਼ਨ ਨੀਤੀਆਂ ਵਿੱਚ ਕੁਝ ਮਹੱਤਵਪੂਰਨ ਤਬਦੀਲੀਆਂ ਕਰਦੇ ਹੋਏ ਮਈ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਹੀ ਵੀਜ਼ਾ ਬੈਕਲਾਗ ਨਾਲ ਨਜਿੱਠਣਾ ਸ਼ੁਰੂ ਕਰ ਦਿੱਤਾ ਹੈ।
ਸਰਕਾਰ ਨੇ ਹੁਨਰਮੰਦ ਪ੍ਰਵਾਸ ਕਿੱਤਿਆਂ ਦੀਆਂ ਸੂਚੀਆਂ ਦੀ ਪ੍ਰਭਾਵਸ਼ੀਲਤਾ ਨੂੰ ਘੋਖਣ ਦਾ ਵਾਅਦਾ ਕੀਤਾ ਹੈ, ਜੋ ਕਿ ਕਈ ਮਾਹਰਾਂ ਅਨੁਸਾਰ ਕਾਫੀ ਪੁਰਾਣੀਆਂ ਹੋ ਚੁੱਕੀਆਂ ਹਨ।
ਸੱਤਾ ਵਿੱਚ ਆਉਣ ਤੋਂ ਥੋੜ੍ਹੀ ਦੇਰ ਬਾਅਦ ਹੀ, ਸਰਕਾਰ ਨੇ 2022/23 ਵਿੱਚ ਸਥਾਈ ਮਾਈਗ੍ਰੇਸ਼ਨ ਪ੍ਰੋਗਰਾਮ ਨੂੰ ਹੁਨਰਮੰਦ ਅਤੇ ਪਰਿਵਾਰਕ ਵੀਜ਼ਿਆਂ ਨੂੰ 160,000 ਤੋਂ ਵਧਾ ਕੇ 195,000 ਕਰਨ ਦਾ ਐਲਾਨ ਕਰ ਦਿੱਤਾ ਸੀ। ਪ੍ਰੋਗਰਾਮ ਦੇ ਹਿੱਸੇ ਵਜੋਂ ਉਪਲਬਧ ਹੁਨਰਮੰਦ ਵੀਜ਼ਿਆਂ ਦੀ ਗਿਣਤੀ 79,600 ਤੋਂ ਵਧ ਕੇ 142,400 ਹੋ ਜਾਵੇਗੀ।
ਨਵੇਂ ਸਾਲ 2023 ਲਈ ਆਸਟ੍ਰੇਲੀਆ ਵਿੱਚ ਪੰਜ ਪ੍ਰਮੁੱਖ ਵੀਜ਼ਾ ਮੌਕੇ ਇਹ ਹਨ:
1. ਕੁਝ ਦੇਸ਼ਾਂ ਲਈ ਨਵਾਂ ਵੀਜ਼ਾ
ਇੱਕ ਨਵਾਂ ਵੀਜ਼ਾ ਜੁਲਾਈ 2023 ਵਿੱਚ ਪੇਸ਼ ਕੀਤਾ ਜਾਵੇਗਾ ਜੋ ਪ੍ਰਸ਼ਾਂਤ ਦੇਸ਼ਾਂ ਅਤੇ ਤਿਮੋਰ ਲੇਸਟੇ ਤੋਂ ਯੋਗ ਪ੍ਰਵਾਸੀਆਂ ਲਈ 3,000 ਸਥਾਨ ਪ੍ਰਦਾਨ ਕਰੇਗਾ।
1 ਜੁਲਾਈ 2023 ਤੋਂ ਪੈਸੀਫਿਕ ਦੇਸ਼ਾਂ ਜਿਵੇਂ ਕਿ ਸੋਲੋਮਨ ਆਈਲੈਂਡਜ਼ ਦੇ ਕਾਮਿਆਂ ਲਈ ਵੀ ਇੱਕ ਨਵੇਂ ਵੀਜ਼ੇ ਦਾ ਐਲਾਨ ਕੀਤਾ ਗਿਆ ਹੈ।
2. ਨਿਊਜ਼ੀਲੈਂਡ ਵਾਸੀਆਂ ਲਈ ਤਰਜੀਹੀ ਪ੍ਰਕਿਰਿਆ
ਆਸਟ੍ਰੇਲੀਆ ਵਿੱਚ ਰਹਿ ਰਹੇ ਨਿਊਜ਼ੀਲੈਂਡ ਦੇ ਲੋਕਾਂ ਨੂੰ, ਨਿਊਜ਼ੀਲੈਂਡ ਸਟ੍ਰੀਮ ਵਿੱਚ ਸਕਿਲਡ ਇੰਡੀਪੈਂਡੈਂਟ (ਸਬਕਲਾਸ 189) ਵੀਜ਼ਾ ਅਰਜ਼ੀਆਂ ਦੀ ਤਰਜੀਹੀ ਪ੍ਰਕਿਰਿਆ ਦਾ ਲਾਭ ਹੋਵੇਗਾ।
ਵਿਭਾਗ ਨੇ ਕੁਝ ਵੀਜ਼ਾ ਲੋੜਾਂ ਨੂੰ ਰੱਦ ਕਰ ਦਿੱਤਾ ਹੈ ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਬਿਨੈਕਾਰ ਘੱਟੋ-ਘੱਟ ਪੰਜ ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹੇ ਹੋਣੇ ਚਾਹੀਦੇ ਹਨ ਅਤੇ ਇਹ ਕਿ ਉਹ ਕੁਝ ਟੈਕਸ ਯੋਗ ਆਮਦਨੀ 'ਥ੍ਰੈਸ਼ਹੋਲਡ' ਦੇ ਨਾਲ-ਨਾਲ ਸਿਹਤ ਮਾਪਦੰਡਾਂ ਨੂੰ ਵੀ ਪੂਰਾ ਕਰਦੇ ਹੋਣ।
3. ਰਾਜ-ਪ੍ਰਯੋਜਿਤ ਵੀਜ਼ਾ ਹਾਸਲ ਕਰਨ ਸਬੰਧੀ
ਗ੍ਰਹਿ ਮਾਮਲਿਆਂ ਦੇ ਵਿਭਾਗ ਦੇ ਇੱਕ ਬੁਲਾਰੇ ਨੇ ਕਿਹਾ ਕਿ ਵਿਭਾਗ ਨੇ 2022/23 ਵਿੱਚ ਰਾਜ ਅਤੇ ਪ੍ਰਦੇਸ਼ ਨਾਮਜ਼ਦ ਵੀਜ਼ਾ (ਉਪ ਸ਼੍ਰੇਣੀ 190) ਲਈ 31,000 ਸਥਾਨਾਂ ਦਾ ਇੱਕ ਯੋਜਨਾ ਪੱਧਰ ਨਿਰਧਾਰਤ ਕੀਤਾ ਹੈ, ਅਤੇ ਨਾਲ ਹੀ ਖੇਤਰੀ ਸ਼੍ਰੇਣੀ (ਉਪ ਸ਼੍ਰੇਣੀ 491) ਵਿੱਚ 34,000 ਹੋਰ ਸਥਾਨਾਂ ਨੂੰ ਵਧਾਇਆ ਹੈ ਜੋ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਨਾਮਜ਼ਦ ਕੀਤੇ ਜਾਂਦੇ ਹਨ।
ਕਾਰੋਬਾਰੀ ਨਵੀਨਤਾ ਅਤੇ ਨਿਵੇਸ਼ ਪ੍ਰੋਗਰਾਮ (ਸਬਕਲਾਸ 188) ਲਈ 5,000 ਹੋਰ ਵੀਜ਼ੇ ਹੋਣਗੇ।
ਰਾਜ-ਪ੍ਰਯੋਜਿਤ ਵੀਜ਼ਾ ਦਾ ਇੱਕ ਸਭ ਤੋਂ ਵੱਡਾ ਫਾਇਦਾ ਕਿਸੇ ਖਾਸ ਰੁਜ਼ਗਾਰਦਾਤਾ ਨਾਲ ਨਾ ਜੋੜਿਆ ਜਾਣਾ ਹੈ - ਹਾਲਾਂਕਿ ਬਿਨੈਕਾਰਾਂ ਦੀ ਉਮਰ 45 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ ਅਤੇ ਉਹਨਾਂ ਨੂੰ ਆਪਣੀਆਂ ਨੌਕਰੀਆਂ ਵੀ ਲੱਭਣੀਆਂ ਪੈਂਦੀਆਂ ਹਨ।
4. ਪਰਿਵਾਰਕ ਪੁਨਰ-ਮਿਲਨ ਨੂੰ ਅਸਾਨ ਬਨਾਉਣਾ
ਅਲਬਨੀਜ਼ੀ ਸਰਕਾਰ ਨੇ 2022/23 ਵਿੱਚ ਮੰਗ-ਸੰਚਾਲਿਤ ਪਾਰਟਨਰ ਵੀਜ਼ੇ ਦੀ ਸ਼ੁਰੂਆਤ ਕਰਦੇ ਹੋਏ ਪਰਿਵਾਰਾਂ ਲਈ ਮੁੜ ਇਕੱਠੇ ਹੋਣਾ ਆਸਾਨ ਬਣਾ ਦਿੱਤਾ ਹੈ।
ਇਸ ਦਾ ਮਤਲਬ ਹੈ ਕਿ ਜਾਰੀ ਕੀਤੇ ਗਏ ਇਨ੍ਹਾਂ ਵੀਜ਼ਿਆਂ ਦੀ ਗਿਣਤੀ ਦੀ ਕੋਈ ਸੀਮਾ ਨਹੀਂ ਹੈ। ਵਿਭਾਗ ਦਾ ਅੰਦਾਜ਼ਾ ਹੈ ਕਿ ਉਹ ਇਸ ਵਿੱਤੀ ਸਾਲ ਵਿੱਚ ਲਗਭਗ 40,500 ਪਾਰਟਨਰ ਵੀਜ਼ੇ ਜਾਰੀ ਕਰੇਗਾ।
ਚਾਈਲਡ ਵੀਜ਼ੇ ਵੀ ਮੰਗ-ਅਧਾਰਿਤ ਹਨ ਅਤੇ ਅੰਦਾਜ਼ਨ 3,000 ਵੀਜ਼ੇ ਜਾਰੀ ਕੀਤੇ ਜਾਣ ਦੀ ਉਮੀਦ ਹੈ।
5. ਵੀਜ਼ਿਆਂ ਦੀ ਪ੍ਰੋਸੈਸਿੰਗ ਵਿੱਚ ਤਬਦੀਲੀ
ਸਰਕਾਰ ਦੁਆਰਾ ਦਰਖਾਸਤਾਂ ਨੂੰ ਦਰਜਾ ਦੇਣ ਲਈ ਪ੍ਰਾਇਰਿਟੀ ਮਾਈਗ੍ਰੇਸ਼ਨ ਸਕਿਲਡ ਆਕੂਪੇਸ਼ਨ ਲਿਸਟ (PMSOL) ਦੀ ਵਰਤੋਂ ਬੰਦ ਕਰਨ ਤੋਂ ਬਾਅਦ ਹੁਣ ਅਧਿਆਪਕਾਂ ਅਤੇ ਸਿਹਤ ਸੰਭਾਲ ਕਰਮਚਾਰੀਆਂ ਲਈ ਹੁਨਰਮੰਦ ਵੀਜ਼ਾ ਅਰਜ਼ੀਆਂ ਦਾ ਮੁਲਾਂਕਣ ਸਿਰਫ਼ ਤਿੰਨ ਦਿਨਾਂ ਵਿੱਚ ਕੀਤਾ ਜਾ ਰਿਹਾ ਹੈ।
28 ਅਕਤੂਬਰ 2022 ਨੂੰ ਪੇਸ਼ ਕੀਤਾ ਗਿਆ ਮੰਤਰੀ ਪੱਧਰੀ ਦਿਸ਼ਾ-ਨਿਰਦੇਸ਼ ਨੰਬਰ 100, ਅਰਜ਼ੀਆਂ ਨੂੰ ਤਰਜੀਹ ਦੇਣ ਲਈ ਨਵੇਂ ਨਿਯਮ ਤੈਅ ਕਰਦਾ ਹੈ। ਅਰਜ਼ੀਆਂ ਦਾ ਫੈਸਲਾ ਹੁਣ ਪਹਿਲ ਦੇ ਅਧਾਰ ਉੱਤੇ ਹੇਠ ਲਿਖੇ ਕ੍ਰਮ ਵਿੱਚ ਕੀਤਾ ਜਾ ਰਿਹਾ ਹੈ:
1. ਹੈਲਥਕੇਅਰ ਜਾਂ ਅਧਿਆਪਨ ਕਿੱਤੇ ਦੀਆਂ ਅਰਜ਼ੀਆਂ;
2. ਰੁਜ਼ਗਾਰਦਾਤਾ-ਪ੍ਰਾਯੋਜਿਤ ਵੀਜ਼ਾ ਲਈ, ਮਾਨਤਾ ਪ੍ਰਾਪਤ ਸਥਿਤੀ ਵਾਲੇ ਇੱਕ ਪ੍ਰਵਾਨਿਤ ਸਪਾਂਸਰ ਦੁਆਰਾ ਨਾਮਜ਼ਦ ਬਿਨੈਕਾਰ;
3. ਇੱਕ ਮਨੋਨੀਤ ਖੇਤਰੀ ਇਲਾਕੇ ਲਈ ਅਰਜ਼ੀਆਂ;
4. ਸਥਾਈ ਅਤੇ ਆਰਜ਼ੀ ਵੀਜ਼ਾ ਉਪ-ਸ਼੍ਰੇਣੀਆਂ ਲਈ ਉਹ ਵੀਜ਼ਾ ਅਰਜ਼ੀਆਂ ਜੋ ਮਾਈਗ੍ਰੇਸ਼ਨ ਪ੍ਰੋਗਰਾਮ ਲਈ ਗਿਣੀਆਂ ਜਾਂਦੀਆਂ ਹਨ, ਪਰ ਸਬਕਲਾਸ 188 (ਬਿਜ਼ਨਸ ਇਨੋਵੇਸ਼ਨ ਐਂਡ ਇਨਵੈਸਟਮੈਂਟ (ਆਰਜ਼ੀ)) ਵੀਜ਼ਾ ਨੂੰ ਛੱਡ ਕੇ।
5. ਹੋਰ ਸਾਰੀਆਂ ਵੀਜ਼ਾ ਅਰਜ਼ੀਆਂ।
ਹਰੇਕ ਸ਼੍ਰੇਣੀ ਦੇ ਅੰਦਰ, ਅਸਥਾਈ ਅਤੇ ਸਥਾਈ ਹੁਨਰਮੰਦ ਵੀਜ਼ਾ ਅਰਜ਼ੀਆਂ ਲਈ ਆਸਟ੍ਰੇਲੀਆ ਤੋਂ ਬਾਹਰ ਸਥਿਤ ਬਿਨੈਕਾਰਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ।
ਗ੍ਰਹਿ ਵਿਭਾਗ ਦਾ ਕਹਿਣਾ ਹੈ ਕਿ ਇਸ ਬਦਲਾਅ ਦਾ ਮਤਲਬ ਹੈ ਕਿ ਅਰਜ਼ੀਆਂ 'ਤੇ ਹੁਣ ਹੋਰ ਵੀ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਸਕੇਗੀ।