ਪਰਿਵਾਰਕ ਜਾਂ ਘਰੇਲੂ ਹਿੰਸਾ ਨੂੰ ਹੁਣ ਤੱਕ ਇੱਕ ਨਿੱਜੀ ਮੁੱਦਾ ਮੰਨਿਆ ਜਾਂਦਾ ਸੀ, ਨਾ ਕਿ ਸਮਾਜਿਕ ਸਮੱਸਿਆ।
ਪਰ ਅੰਕੜੇ ਸਪੱਸ਼ਟ ਦਰਸਾਉਂਦੇ ਹਨ ਕਿ ਆਸਟ੍ਰੇਲੀਆ ਵਿੱਚ ਬਹੁਤ ਸਾਰੇ ਪਰਿਵਾਰ ਦੇ ਕਿਸੇ ਮੈਂਬਰ ਦੇ ਹੱਥੋਂ ਹਿੰਸਾ ਦਾ ਸ਼ਿਕਾਰ ਹੁੰਦੇ ਹਨ।
ਛੇ ਵਿੱਚੋਂ ਇੱਕ ਔਰਤ ਅਤੇ ਅਠਾਰਾਂ ਵਿੱਚੋਂ ਇੱਕ ਮਰਦ ਨੇ ਆਪਣੇ ਸਾਥੀ ਦੁਆਰਾ ਸਰੀਰਕ ਜਾਂ ਜਿਨਸੀ ਹਿੰਸਾ ਦਾ ਅਨੁਭਵ ਕੀਤਾ ਹੈ।
ਯੂਨੀਵਰਸਿਟੀ ਆਫ ਸਾਊਥ ਆਸਟ੍ਰੇਲੀਆ ਦੇ ਸੈਂਟਰ ਫਾਰ ਚਾਈਲਡ ਪ੍ਰੋਟੈਕਸ਼ਨ ਦੀ ਘਰੇਲੂ ਅਤੇ ਪਰਿਵਾਰਕ ਹਿੰਸਾ ਦੇ ਮਾਹਿਰ ਡਾਕਟਰ ਨਾਦਾ ਇਬਰਾਹਿਮ ਦਾ ਕਹਿਣਾ ਹੈ ਕਿ ਪਰਿਵਾਰਕ ਹਿੰਸਾ ਕਈ ਰੂਪ ਲੈ ਸਕਦੀ ਹੈ।
ਪਰਿਵਾਰਕ, ਘਰੇਲੂ ਅਤੇ ਜਿਨਸੀ ਹਿੰਸਾ ਦਾ ਸ਼ਿਕਾਰ ਜ਼ਿਆਦਾਤਰ ਔਰਤਾਂ ਹਨ।
ਅਤੇ ਜਦੋਂ ਅਸੀਂ ਹਿੰਸਾ ਬਾਰੇ ਗੱਲ ਕਰਦੇ ਹਾਂ, ਇਹ ਸਿਰਫ਼ ਸਰੀਰਕ ਹਿੰਸਾ ਹੀ ਨਹੀਂ ਬਲਕਿ ਮਨੋਵਿਗਿਆਨਕ ਦੁਰਵਿਵਹਾਰ, ਵਿੱਤੀ ਦੁਰਵਿਵਹਾਰ, ਪਰੇਸ਼ਾਨੀ, ਜਾਂ ਜ਼ਬਰਦਸਤੀ ਨਿਯੰਤਰਣ ਸਮੇਤ ਕਈ ਹੋਰ ਰੂਪ ਲੈ ਸਕਦੀ ਹੈ।
ਡਾ. ਇਬਰਾਹਿਮ ਦਾ ਕਹਿਣਾ ਹੈ ਕਿ ਕੁਝ ਲੋਕਾਂ ਕੋਲ ਅਜੇ ਵੀ ਹਿੰਸਾ ਦੀਆਂ ਪੁਰਾਣੀਆਂ ਧਾਰਨਾਵਾਂ ਹਨ ਅਤੇ ਉਹ ਇਹ ਪਛਾਣਨ ਵਿੱਚ ਅਸਮਰੱਥ ਹਨ ਕਿ ਹਿੰਸਾ ਸਿਰਫ਼ ਸਰੀਰਕ ਤੌਰ ਤੋਂ ਇਲਾਵਾ ਕਈ ਹੋਰ ਤਰੀਕਿਆਂ ਨਾਲ ਅਣਜਾਣੇ ਵਿੱਚ ਪ੍ਰਗਟ ਕੀਤਾ ਜਾ ਸਕਦਾ ਹੈ ਜਾਂ ਭੜਕਾਇਆ ਜਾ ਸਕਦਾ ਹੈ।
ਕੁਝ ਮਾਮਲਿਆਂ ਵਿੱਚ, ਧਾਰਮਿਕ ਵਿਸ਼ਵਾਸ ਜਾਂ ਵਧੇ ਹੋਏ ਪਰਿਵਾਰ ਦੇ ਦਬਾਅ ਘਰੇਲੂ ਹਿੰਸਾ ਦੀ ਸਥਿਤੀ ਵਿੱਚ ਜਟਿਲਤਾ ਵਧਾ ਸਕਦੇ ਹਨ।
ਸਾਰੀਆਂ ਪਰਿਵਾਰਕ ਹਿੰਸਾ ਏਜੰਸੀਆਂ ਅੰਤਰ-ਸੱਭਿਆਚਾਰਕ ਸੂਖਮਤਾਵਾਂ ਨਾਲ ਨਜਿੱਠਣ ਲਈ ਤਿਆਰ ਨਹੀਂ ਹਨ, ਆਸਟ੍ਰੇਲੀਆ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਹਨ, ਜਿਵੇਂ ਕਿ ਇਨਟਚ, ਜੋ ਕਿ ਪ੍ਰਵਾਸੀ ਅਤੇ ਸ਼ਰਨਾਰਥੀ ਭਾਈਚਾਰਿਆਂ ਵਿੱਚ ਪਰਿਵਾਰਕ ਹਿੰਸਾ ਦੇ ਮੁੱਦਿਆਂ ਵਿੱਚ ਮਾਹਰ ਹੈ।
ਅਨੂ ਕ੍ਰਿਸ਼ਨਨ ਕਲਚਰਬ੍ਰਿਲ ਦੀ ਡਾਇਰੈਕਟਰ ਹੈ, ਇੱਕ ਬਹੁ ਸੱਭਿਆਚਾਰਕ ਸਲਾਹਕਾਰ ਫਰਮ ਜੋ ਕਿ ਪਰਿਵਾਰਕ ਹਿੰਸਾ ਦੀ ਰੋਕਥਾਮ ਅਤੇ ਹੋਰ ਮੁੱਦਿਆਂ ਵਿੱਚ ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵਿਭਿੰਨ ਲੋਕਾਂ ਨਾਲ ਬਿਹਤਰ ਢੰਗ ਨਾਲ ਜੁੜਨ ਵਿੱਚ ਸੰਸਥਾਵਾਂ ਦੀ ਮਦਦ ਕਰਦੀ ਹੈ।
ਉਹ ਚੇਤਾਵਨੀ ਦਿੰਦੀ ਹੈ ਕਿ ਪਰਵਾਸ ਦੇ ਦਬਾਅ ਕਈ ਵਾਰ ਘਰੇਲੂ ਬਦਸਲੂਕੀ ਦਾ ਕਾਰਨ ਬਣ ਸਕਦੇ ਹਨ।
ਮਿਸ ਕ੍ਰਿਸ਼ਨਨ ਇਸ ਗੱਲ 'ਤੇ ਵੀ ਜ਼ੋਰ ਦਿੰਦੀ ਹੈ ਕਿ ਪਰਿਵਾਰਕ ਹਿੰਸਾ ਦੀ ਰੋਕਥਾਮ ਤਾਂ ਹੀ ਪ੍ਰਭਾਵਸ਼ਾਲੀ ਹੁੰਦੀ ਹੈ ਜਦੋਂ ਪੂਰਾ ਭਾਈਚਾਰਾ ਸ਼ਾਮਲ ਹੋਵੇ।
ਮਿਸ ਕ੍ਰਿਸ਼ਨਨ ਦਾ ਕਹਿਣਾ ਹੈ ਕਿ ਪ੍ਰਵਾਸੀ ਔਰਤਾਂ ਜਦੋਂ ਮਦਦ ਲੈਣ ਦੀ ਕੋਸ਼ਿਸ਼ ਕਰਦੀਆਂ ਹਨ ਤਾਂ ਉਨ੍ਹਾਂ ਨੂੰ ਕਈ ਹੋਰ ਰੁਕਾਵਟਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਉਹ ਅਕਸਰ ਇਕੱਲੀਆਂ ਹੁੰਦੀਆਂ ਹਨ ਅਤੇ ਨਹੀਂ ਜਾਣਦੀਆਂ ਕਿ ਕਿੱਥੇ ਜਾਣਾ ਚਾਹੀਦਾ ਹੈ।
ਵੈਂਡੀ ਲੋਬਵੇਨ ਏ ਐਮ ਈ ਐਸ (AMES) ਆਸਟ੍ਰੇਲੀਆ ਲਈ ਔਰਤਾਂ ਵਿਰੁੱਧ ਹਿੰਸਾ ਦੀ ਰੋਕਥਾਮ ਪ੍ਰੋਗਰਾਮ ਦੀ ਸੀਨੀਅਰ ਮੈਨੇਜਰ ਹੈ, ਇੱਕ ਸੰਸਥਾ ਜੋ ਕਿ ਨਵੇਂ ਪ੍ਰਵਾਸੀਆਂ ਨੂੰ ਉਹਨਾਂ ਦੀ ਮੁੜ ਵਸੇਬੇ ਦੀ ਯਾਤਰਾ ਵਿੱਚ ਸਹਾਇਤਾ ਕਰਦੀ ਹੈ।
ਉਹ ਕਹਿੰਦੀ ਹੈ ਕਿ ਇਨ੍ਹਾਂ ਪਹਿਲਕਦਮੀਆਂ ਵਿੱਚ ਪੁਰਸ਼ਾਂ ਨੂੰ ਸ਼ਾਮਲ ਕਰਨਾ ਵੀ ਮਹੱਤਵਪੂਰਨ ਹੈ।
ਵਰਤਮਾਨ ਵਿੱਚ ਪਰਿਵਾਰਕ ਹਿੰਸਾ ਦਾ ਸਾਹਮਣਾ ਕਰ ਰਹੀਆਂ ਪਰਵਾਸੀ ਔਰਤਾਂ ਲਈ ਕਈ ਸੇਵਾਵਾਂ ਉਪਲਬਧ ਹਨ।
ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਦੁਭਾਸ਼ੀਏ ਨਾਲ ਕੰਮ ਕਰਦੀਆਂ ਹਨ।
ਜੇਕਰ ਤੁਸੀਂ ਘਰੇਲੂ ਬਦਸਲੂਕੀ ਦਾ ਅਨੁਭਵ ਕਰ ਰਹੇ ਹੋ, ਤਾਂ ਤੁਸੀਂ ਆਪਣੇ ਜੀਪੀ ਨੂੰ ਵੀ ਇਸਦੀ ਰਿਪੋਰਟ ਕਰ ਸਕਦੇ ਹੋ, ਜੋ ਫਿਰ ਤੁਹਾਨੂੰ ਸਲਾਹ ਦੇ ਸਕਦਾ ਹੈ ਅਤੇ ਤੁਹਾਨੂੰ ਤੁਹਾਡੇ ਨੇੜੇ ਦੀਆਂ ਸੰਬੰਧਿਤ ਸੇਵਾਵਾਂ ਕੋਲ ਭੇਜ ਸਕਦਾ ਹੈ।
ਪਰ ਵੈਂਡੀ ਲੋਬਵੇਨ ਕਹਿੰਦੀ ਹੈ ਕਿ ਜੇਕਰ ਤੁਸੀਂ ਤੁਰੰਤ ਖ਼ਤਰੇ ਵਿੱਚ ਹੋ, ਤਾਂ ਤੁਹਾਨੂੰ ਟ੍ਰਿਪਲ ਜ਼ੀਰੋ ਤੇ ਕਾਲ ਕਰਨ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ।
ਜੇਕਰ ਤੁਸੀਂ ਪਰਿਵਾਰਕ ਹਿੰਸਾ ਤੋਂ ਪੀੜਤ ਹੋ ਜਾਂ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹੋ ਜੋ ਇਸਤੋਂ ਹੁਜ਼ਰ ਰਿਹਾ ਹੈ, ਤਾਂ ਤੁਸੀਂ ਮਦਦ ਲੈਣ ਲਈ 1800 RESPECT 'ਤੇ ਕਾਲ ਕਰ ਸਕਦੇ ਹੋ।
ਜੇਕਰ ਤੁਹਾਨੂੰ ਭਾਵਨਾਤਮਕ ਸਹਾਇਤਾ ਦੀ ਲੋੜ ਹੈ, ਤਾਂ ਤੁਸੀਂ 13 11 14 'ਤੇ ਲਾਈਫਲਾਈਨ ਨਾਲ ਸੰਪਰਕ ਕਰ ਸਕਦੇ ਹੋ ਜਾਂ 1800 22 46 36 'ਤੇ ਬਿਓਂਡ ਬਲੂ ਨਾਲ ਸੰਪਰਕ ਕਰ ਸਕਦੇ ਹੋ।
ਜੇਕਰ ਤੁਹਾਨੂੰ ਕਿਸੇ ਦੁਭਾਸ਼ੀਏ ਦੀ ਲੋੜ ਹੈ, ਤਾਂ 13 14 50 'ਤੇ ਕਾਲ ਕਰੋ।