ਕੁਝ ਦਿਨ ਪਹਿਲਾਂ ਸੰਸਦ ਵਿੱਚ ਇੱਕ ਪਟੀਸ਼ਨ ਪੇਸ਼ ਕੀਤੀ ਗਈ ਜਿਸ ਵਿੱਚ 70,000 ਤੋਂ ਵੀ ਵੱਧ ਪ੍ਰਵਾਸੀਆਂ ਵੱਲੋਂ ਆਪਣੇ ਮਾਪਿਆਂ ਨੂੰ ਆਸਟ੍ਰੇਲੀਆ ਆਉਣ ਲਈ ਇਜਾਜ਼ਤ ਦੇਣ ਦੀ ਅਪੀਲ ਕੀਤੀ ਗਈ ਸੀ।
ਇਸ ਪਟੀਸ਼ਨ ਨਾਲ਼ ਉਨ੍ਹਾਂ ਲੋਕਾਂ ਵਿੱਚ ਆਸ ਦੀ ਇੱਕ ਨਵੀਂ ਕਿਰਨ ਜਾਗੀ ਹੈ ਜੋ ਆਪਣੇ ਮਾਪਿਆਂ ਨੂੰ 'ਇੱਮੀਡੀਏਟ ਪਰਿਵਾਰਕ ਮੈਂਬਰ' ਵਜੋਂ ਮਾਨਤਾ ਦਵਾਉਣ ਲਈ ਯਤਨਸ਼ੀਲ ਹਨ।
ਦੱਸਣਯੋਗ ਹੈ ਕਿ ਕੋਵਿਡ -19 ਯਾਤਰਾ ਪਾਬੰਦੀ ਦੇ ਤਹਿਤ, ਸਿਰਫ ਆਸਟ੍ਰੇਲੀਅਨ ਨਾਗਰਿਕ, ਪੀ ਆਰ ਜਾਂ ਸਥਾਈ ਨਿਵਾਸੀ ਜਾਂ ਉਨ੍ਹਾਂ ਦੇ 'ਨਜ਼ਦੀਕੀ' ਪਰਿਵਾਰ ਨੂੰ ਦੇਸ਼ ਵਿੱਚ ਦਾਖਲ ਹੋਣ ਦੀ ਆਗਿਆ ਹੈ ਪਰ ਮਾਪਿਆਂ ਨੂੰ ਇਸ ਸਿਲਸਿਲੇ ਵਿੱਚ ‘ਪਰਿਵਾਰ’ ਨਹੀਂ ਮੰਨਿਆ ਜਾਂਦਾ।
ਇਸ ਨਾਲ ਆਸਟ੍ਰੇਲੀਆ ਵਸਦੇ ਹਜ਼ਾਰਾਂ ਲੋਕਾਂ ਲਈ ਮੁਸ਼ਕਿਲ ਬਣ ਗਈ ਹੈ ਜੋ ਆਪਣੇ ਮਾਪਿਆਂ ਨੂੰ ਆਸਟ੍ਰੇਲੀਆ ਬੁਲਾਉਣਾ ਚਾਹੁੰਦੇ ਹਨ - ਗੋਵਿੰਦਾ ਪਾਠਕ ਵੀ ਇਹਨਾਂ ਲੋਕਾਂ ਵਿੱਚ ਸ਼ਾਮਲ ਹਨ ਜੋ ਪੰਜਾਬ, ਭਾਰਤ ਤੋਂ ਆਪਣੇ ਮਾਪਿਆਂ ਨੂੰ ਆਸਟ੍ਰੇਲੀਆ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ।

Govinda Pathak along with his wife Surbhi Verma and parents Rakesh Pathak and Neelam Pathak Source: Supplied by G Pathak
ਉਨ੍ਹਾਂ ਲਈ ਸਮੱਸਿਆ ਹੋਰ ਵੀ ਗੰਭੀਰ ਬਣ ਗਈ ਹੈ ਕਿਓਂਕਿ ਆਸਟ੍ਰੇਲੀਅਨ ਲੋਕਾਂ ਉੱਤੇ ਵਿਦੇਸ਼ ਯਾਤਰਾ ਲਈ ਵੀ ਪਾਬੰਦੀ ਹੈ ਜਿਸਦੇ ਚਲਦਿਆਂ ਉਹ ਆਪਣੇ ਮਾਪਿਆਂ ਨੂੰ ਭਾਰਤ ਮਿਲਣ ਵੀ ਨਹੀਂ ਜਾ ਸਕਦੇ।
"ਮੇਰੀ ਭੈਣ ਅਤੇ ਉਸਦਾ ਪਰਿਵਾਰ ਵੀ ਆਸਟ੍ਰੇਲੀਆ ਹਨ ਸੋ ਸਾਡੇ ਬਜ਼ੁਰਗ ਮਾਪਿਆਂ ਦੀ ਦੇਖਭਾਲ ਲਈ ਪੰਜਾਬ ਸਥਿਤ ਸਾਡੇ ਘਰ ਵਿੱਚ ਕੋਈ ਵੀ ਮੌਜੂਦ ਨਹੀਂ ਹੈ। ਕੈਨੇਡਾ ਵਰਗੇ ਮੁਲਕ, ਮਾਪਿਆਂ ਨੂੰ ਪਰਿਵਾਰ ਦਾ ਹਿੱਸਾ ਮੰਨਦੇ ਹੋਏ ਯਾਤਰਾ ਦੀ ਇਜਾਜ਼ਤ ਦੇ ਰਹੇ ਹਨ ਪਰ ਆਸਟ੍ਰੇਲੀਆ ਵੱਲੋਂ ਇਸ ਮਾਮਲੇ ਵਿੱਚ ਹਮੇਸ਼ਾਂ ਤੋਂ ਹੀ ਬਹੁਤ ਸਖਤੀ ਵਿਖਾਈ ਜਾ ਰਹੀ ਹੈ," ਉਨ੍ਹਾਂ ਕਿਹਾ।
ਹਾਲਾਂਕਿ ਇਸ ਦੌਰਾਨ ਸਰਕਾਰ ਵੱਲੋਂ ਵਿਦੇਸ਼ ਯਾਤਰਾ ਲਈ 'ਐੱਗਜ਼ੇਮਪਸ਼ਨ' ਜਾਂ ਛੋਟ ਦੀ ਪ੍ਰਕਿਰਿਆ ਵੀ ਲਾਗੂ ਹੈ ਪਰ ਉਹ ਕਾਫੀ ਗੁੰਝਲਦਾਰ ਹੋਣ ਕਰਕੇ ਲੋਕਾਂ ਲਈ ਪਹੁੰਚ ਤੋਂ ਬਾਹਰ ਦੱਸੀ ਜਾ ਰਹੀ ਹੈ।
ਹਰਜੋਤ ਸਿੰਘ ਜੋ ਪਿਛਲੇ 16 ਸਾਲ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ ਹਨ, ਨੂੰ ਵੀ ਕੁਝ ਇਹੋ ਜਿਹੇ ਹਾਲਾਤਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ।
ਉਹ ਆਪਣੀ ਮਾਂ ਦੀ ਮੌਤ ਪਿੱਛੋਂ ਆਪਣੇ ਪਿਤਾ ਜੀ ਨੂੰ ਆਸਟ੍ਰੇਲੀਆ ਬੁਲਾਉਣਾ ਚਾਹੁੰਦੇ ਹਨ ਪਰ ਇਹ ਅਜੇ ਤੱਕ ਸੰਭਵ ਨਹੀ ਹੋ ਸਕਿਆ।
"ਮੇਰਾ ਅਤੇ ਮੇਰੀ ਭੈਣ ਦਾ ਪਰਿਵਾਰ ਇੱਕ ਲੰਬੇ ਸਮੇਂ ਤੋਂ ਸਥਾਈ ਤੌਰ ਉੱਤੇ ਆਸਟ੍ਰੇਲੀਆ ਰਹਿ ਰਹੇ ਹਾਂ। ਭਾਰਤ ਵਿੱਚ ਸਾਡੀ ਮਾਤਾ ਜੀ ਦੀ ਮੌਤ ਪਿੱਛੋਂ ਪਿਤਾ ਜੀ ਦੀ ਮਾਨਸਿਕ ਸੇਹਤ ਵਿੱਚ ਕਾਫੀ ਨਿਘਾਰ ਆਇਆ ਹੈ। ਹੁਣ ਸਾਨੂੰ ਉਨ੍ਹਾਂ ਦਾ ਫਿਕਰ ਹੈ ਜਿਸ ਕਰਕੇ ਅਸੀਂ ਉਨ੍ਹਾਂ ਨੂੰ ਇਥੇ ਆਪਣੇ ਕੋਲ਼ ਲਿਆਉਣਾ ਚਾਹੁੰਦੇ ਹਾਂ," ਉਨ੍ਹਾਂ ਕਿਹਾ।
ਇਸ ਦੌਰਾਨ ਸ੍ਰੀ ਪਾਠਕ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਪਹਿਲਾਂ ਉਮੀਦ ਸੀ ਕਿ ਮਾਰਚ 2020 ਵਿੱਚ ਲੱਗੀ ਪਾਬੰਦੀ ਇੱਕ ਛੋਟਾ ਅਤੇ ਅਸਥਾਈ ਪੜਾਅ ਹੋਵੇਗਾ।
“ਹੁਣ 15 ਮਹੀਨੇ ਤੋਂ ਵੀ ਵੱਧ ਹੋ ਗਏ ਹਨ ਜਦਕਿ ਇਨ੍ਹਾਂ ਪਾਬੰਦੀਆਂ ਨੂੰ ਹਟਾਏ ਜਾਣ ਦੇ ਕੋਈ ਵੀ ਸੰਕੇਤ ਅਜੇ ਨਹੀਂ ਮਿਲਦੇ। ਇਸ ਦੀ ਬਜਾਏ, ਅਸੀਂ ਵੇਖਦੇ ਹਾਂ ਕਿ ਅੰਤਰਰਾਸ਼ਟਰੀ ਵਿਦਿਆਰਥੀ, ਮਸ਼ਹੂਰ ਹਸਤੀਆਂ ਅਤੇ ਖਿਡਾਰੀਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਪਰ ਪਰਿਵਾਰਾਂ ਲਈ ਇਕੱਠੇ ਹੋਣ ਜਾਂ ਕਰਨ ਵੱਲ ਕਿਸੇ ਦੀ ਵੀ ਤਵੱਜੋ ਨਹੀਂ ਹੈ," ਉਨ੍ਹਾਂ ਕਿਹਾ।
ਮਾਪਿਆਂ ਨੂੰ ਪਰਿਵਾਰਕ ਮੈਂਬਰ ਵਜੋਂ ਮਾਨਤਾ ਦਿਵਾਉਣ ਲਈ ਕੁਝ ਲੋਕਾਂ ਨੇ ਫੇਸਬੁੱਕ ਉੱਤੇ ਇਕੱਠੇ ਹੋਕੇ ਇੱਕ ਗਰੁੱਪ ਵੀ ਬਣਾਇਆ ਹੈ ਜਿਸ ਵਿੱਚ ਇਸ ਕਾਰਜ ਲਈ ਲੋਕਾਂ ਨੂੰ ਜਾਗਰੂਕ ਅਤੇ ਲਾਮਬੰਦ ਕੀਤਾ ਜਾ ਰਿਹਾ ਹੈ।
ਇਸ ਗਰੁੱਪ ਵੱਲੋਂ ਹੁਣ ਆਸਟ੍ਰੇਲੀਆ ਦੇ ਵੱਡੇ ਸ਼ਹਿਰਾਂ ਵਿੱਚ ਰੋਸ-ਮੁਜ਼ਾਹਰੇ ਕਰਨ ਦੀ ਵਿਓਂਤ ਬਣਾਈ ਜਾ ਰਹੀ ਹੈ ਪਰ ਉਨ੍ਹਾਂ ਵੱਲੋਂ ਹਾਲ ਹੀ ਵਿੱਚ ਕੀਤੇ ਜਾ ਰਹੇ ਇੱਕ ਉਪਰਾਲੇ ਨੂੰ ਕੋਵਿਡ-ਪਾਬੰਦੀਆਂ ਦੇ ਚਲਦਿਆਂ ਆਰਜ਼ੀ ਤੌਰ ਉੱਤੇ ਰੋਕਣਾ ਪਿਆ ਹੈ।
ਆਸਟ੍ਰੇਲੀਆ ਦੇ ਵੀਜ਼ੇ ਲਈ ਮਾਪਿਆਂ ਨੂੰ ਪਰਿਵਾਰਕ ਮੈਂਬਰ ਵਜੋਂ ਮਾਨਤਾ ਦੇਣ ਪਿਛਲੀ ਲੋੜ ਅਤੇ ਇਸ ਨਾਲ਼ ਜੁੜੇ ਹੋਰ ਵੇਰਵੇ ਜਾਨਣ ਲਈ ਗੋਵਿੰਦਾ ਪਾਠਕ ਨਾਲ਼ ਪੰਜਾਬੀ ਵਿਚ ਕੀਤੀ ਇਹ ਇੰਟਰਵਿਊ ਸੁਣੋ:
LISTEN TO

ਪ੍ਰਵਾਸੀ ਪਰਿਵਾਰਾਂ ਵੱਲੋਂ ਮਾਪਿਆਂ ਨੂੰ ਆਸਟ੍ਰੇਲੀਆ ਦੇ ਵੀਜ਼ੇ ਲਈ ਪਰਿਵਾਰਕ ਮੈਂਬਰ ਵਜੋਂ ਮਾਨਤਾ ਦੇਣ ਲਈ ਮੁਹਿੰਮ
SBS Punjabi
13:22
Read this story in English

Migrant families’ push to classify parents as immediate family gains momentum in Australia
ਐਸ ਬੀ ਐਸ ਪੰਜਾਬੀ ਦੀ ਨੂੰ ਬੁੱਕਮਾਰਕ ਕਰੋ ਅਤੇ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਅਤੇ 'ਤੇ ਵੀ ਫ਼ਾਲੋ ਕਰ ਸਕਦੇ ਹੋ।