Key Points
- ਇੰਜੀਨੀਅਰ ਰਹਿ ਚੁੱਕੇ ਭਾਈ ਮਨਬੀਰ ਸਿੰਘ ਨੇ 2019 ਵਿੱਚ ਆਪਣੇ ਮਨ ਦੀ ਆਵਾਜ਼ ਸੁਣਦੇ ਹੋਏ ਗੁਰਬਾਣੀ ਸੰਗੀਤ ਨੂੰ ਆਪਣਾ ਮੁੱਖ ਪੇਸ਼ਾ ਬਣਾ ਲਿਆ।
- ਉਹ ਵੱਖ-ਵੱਖ ਦੇਸ਼ਾਂ ਵਿੱਚ ਗੁਰਬਾਣੀ ਸੰਗੀਤ ਪੇਸ਼ ਕਰਦੇ ਹਨ ਅਤੇ ਆਪ ਸਥਾਪਿਤ ਕੀਤੇ ‘ਗੁਰਬਾਣੀ ਸੰਗੀਤ ਵਿਦਿਆਲਾ’ ਵਿੱਚ ਸੰਗੀਤ ਦੀ ਸਿਖਲਾਈ ਵੀ ਦਿੰਦੇ ਹਨ।
ਸੰਗੀਤ ਨਾਲ ਰਿਸ਼ਤਾ
ਦਿੱਲੀ ਵਿੱਚ ਪੈਦਾ ਹੋਏ ਅਤੇ ਛੋਟੀ ਉਮਰ ਵਿੱਚ ਸਿਡਨੀ ਆਏ ਮਨਬੀਰ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਦੱਸਿਆ ਕਿ ਉਹਨਾਂ ਦੀ ਸ਼ੁਰੂ ਤੋਂ ਹੀ ਸੰਗੀਤ ਨਾਲ ਗੂੜ੍ਹੀ ਸਾਂਝ ਰਹੀ ਹੈ।
ਬਚਪਨ ਵਿੱਚ ਸਭ ਤੋਂ ਪਹਿਲਾ ਸ਼ਬਦ ਮਨਬੀਰ ਨੇ ਆਪਣੇ ਨਾਨਾ ਜੀ ਤੋਂ ਸਿੱਖਿਆ ਸੀ ਜਿਸ ਤੋਂ ਬਾਅਦ ਉਹਨਾਂ ਅੰਦਰ ਸੰਗੀਤ ਪ੍ਰਤੀ ਪਿਆਰ ਦਾ ਬੂਟਾ ਲੱਗ ਗਿਆ।
ਮਨਬੀਰ ਨੇ ਵੈਸਟਰਨ ਸਿਡਨੀ ਦੇ ਪੈਨਰਿਥ ਇਲਾਕੇ ਵਿੱਚ ਆਪਣੀ ਹਾਈ ਸਕੂਲ ਦੀ ਸਿੱਖਿਆ ਪੂਰੀ ਕੀਤੀ ਜਿੱਥੇ ਉਹਨਾਂ ਤੋਂ ਇਲਾਵਾ ਹੋਰ ਦਸਤਾਰ ਧਾਰੀ ਬੱਚੇ ਨਹੀਂ ਸਨ।
ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਵੀ ਉਹਨਾਂ ਨੂੰ ਸੰਗੀਤ, ਸਿੱਖੀ ਅਤੇ ਵਿਰਸੇ ਨਾਲ ਜੁੜਨ ਦੀ ਖਿੱਚ ਮਹਿਸੂਸ ਹੋਈ।
ਸੰਗੀਤ ਦੀ ਤਾਲੀਮ
ਮੈਂ ਸਕੂਲ ਦੀਆਂ ਛੁੱਟੀਆਂ ਵਿੱਚ ਇੰਡੀਆ ਜਾਂਦਾ ਹੁੰਦਾ ਸੀ ਅਤੇ ਜਿੱਥੇ ਮੇਰੇ ਉਸਤਾਦ ਰਹਿੰਦੇ ਸਨ, ਮੈਂ ਉੱਥੇ ਦਿੱਲੀ, ਜਲੰਧਰ, ਕਲਕੱਤਾ ਅਤੇ ਹੋਰ ਸ਼ਹਿਰਾਂ ਵਿੱਚ ਰਹਿ ਕੇ ਸੰਗੀਤ ਦੀ ਤਾਲੀਮ ਲੈਂਦਾ ਸੀ।ਭਾਈ ਮਨਬੀਰ ਸਿੰਘ

ਗੁਰਬਾਣੀ ਕੀਰਤਨ ਅਤੇ ਸ਼ਾਸਤਰੀ ਸੰਗੀਤ ਦੇ ਮਾਹਿਰ ਸਿਡਨੀ ਨਿਵਾਸੀ ਭਾਈ ਮਨਬੀਰ ਸਿੰਘ ਇੰਜੀਨੀਅਰ ਤੋਂ ਰਾਗੀ ਅਤੇ ਹੁਣ ‘ਗੁਰਬਾਣੀ ਸੰਗੀਤ ਵਿਦਿਆਲਾ’ ਦੇ ਸੰਸਥਾਪਕ ਤੱਕ ਦੇ ਸਫ਼ਰ ਨੂੰ ਸਾਂਝਾ ਕਰਦੇ ਹਨ। Credit: Supplied Manbir Singh
ਮਨਬੀਰ ਨੇ ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ਼ ਵਿੱਚੋਂ ਇੰਜੀਨੀਅਰਿੰਗ (ਸਿਵਲ ਅਤੇ ਮਾਈਨਿੰਗ) ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦਫਤਰ ਵਿੱਚ ਨੌਕਰੀ ਦੀ ਸ਼ੁਰੂਆਤ ਕਰ ਦਿੱਤੀ।
ਪਰ ਇਸ ਦੌਰਾਨ ਮਨਬੀਰ ਦਾ ਸੰਗੀਤ ਨਾਲ ਅਟੁੱਟ ਰਿਸ਼ਤਾ ਜਾਰੀ ਰਿਹਾ।
ਇਸ ਪੇਸ਼ੇ ਵਿੱਚ ਕੁਝ ਸਾਲ ਤਰੱਕੀ ਕਰਨ ਤੋਂ ਬਾਅਦ ਉਹ ਪ੍ਰਿੰਸੀਪਲ ਇੰਜੀਨੀਅਰ ਬਣ ਗਏ ਸਨ।
ਪਰ 2019 ਵਿੱਚ ਮਨਬੀਰ ਨੇ ਇੰਜੀਨੀਅਰਿੰਗ ਅਤੇ ਸੰਗੀਤ ਵਿੱਚੋਂ ਕਿਸੀ ਇੱਕ ‘ਤੇ ਧਿਆਨ ਦੇਣ ਦਾ ਫੈਸਲਾ ਕੀਤਾ।
ਮਨਬੀਰ ਹੁਣ ਵਿਸ਼ਵ ਭਰ ਵਿੱਚ ਗੁਰਬਾਣੀ ਸੰਗੀਤ ਦੇ ਪਰੋਗਰਾਮ ਕਰਦੇ ਹਨ।
ਕਿਉਂ ਛੱਡੀ ਇੰਜੀਨੀਅਰ ਦੀ ਨੌਕਰੀ
ਮੈਂ ਦਫ਼ਤਰ ਦੀ ਮੀਟਿੰਗ ‘ਚ ਬੈਠਾ ਸੋਚਦਾ ਸੀ ਕਿ ਇਹ ਮੇਰੀ ਜਗਾ ਨਹੀਂ ਹੈ, ਮੈਂ ਕਿਸੇ ਦੀ ਥਾਂ ਰੋਕ ਕੇ ਬੈਠਾਂ ਹਾਂ ਤੇ ਕੋਈ ਮੇਰੀ ਜਗਾ ‘ਤੇ ਬੈਠਾ ਹੋਵੇਗਾ। ਜਦੋਂ ਤੁਸੀਂ ਉਹ ਚੀਜ਼ ਕਰਦੇ ਹੋ ਜਿਸ ਵਿੱਚ ਤੁਹਾਡਾ ਮਨ ਨਹੀਂ ਹੈ, ਤਾਂ ਨੁਕਸਾਨ ਸਭ ਦਾ ਹੁੰਦਾ ਹੈ।ਭਾਈ ਮਨਬੀਰ ਸਿੰਘ
ਆਪਣੇ ਮਨ ਦੀ ਆਵਾਜ਼ ਅਤੇ ਇਸ ਅੰਦਰਲੇ ਸੱਚ ਨਾਲ ਜੁੜਦੇ ਹੋਏ ਮਨਬੀਰ ਨੇ 2019 ਵਿੱਚ ਕੰਟ੍ਰੈਕਟ ਖਤਮ ਹੋਣ ‘ਤੇ ਇੰਜੀਨੀਅਰਿੰਗ ਦੀ ਨੌਕਰੀ ਛੱਡ ਕੇ ਸੰਗੀਤ ਨੂੰ ਆਪਣਾ ਮੁੱਖ ਪੇਸ਼ਾ ਬਣਾ ਲਿਆ।
“ਪਰ ਇਹ ਕੋਈ ਸੌਖਾ ਕੰਮ ਨਹੀਂ ਹੈ,” ਉਨ੍ਹਾਂ ਦੱਸਿਆ।
ਆਪਣੀ ਪਤਨੀ ਕਿਰਨ ਕੌਰ ਦੀ ਸਹਾਇਤਾ ਨਾਲ ਅਤੇ ਇਕ ਅਣਥੱਕ ਜੋਸ਼ ਨੂੰ ਨਾਲ ਲੈ ਕੇ ਮਨਬੀਰ ਨੇ ਕਈ ਚੁਣੋਤੀਆਂ ਨੂੰ ਪਾਰ ਕਰ ਦੇ ਹੋਏ ਸੰਗੀਤ ਦੇ ਖੇਤਰ ਵਿੱਚ ਆਪਣਾ ਨਾਮ ਬਣਾਇਆ ਹੈ।
ਉਹਨਾਂ ਨੇ 2019 ਵਿੱਚ ਗੁਰਬਾਣੀ ਸੰਗੀਤ ਵਿਦਿਆਲਾ ਜੋ ਇੱਕ ਕੀਰਤਨ ਸਕੂਲ ਹੈ, ਉਸ ਦੀ ਵੀ ਸਥਾਪਨਾ ਤੋਂ ਪਹਿਲਾਂ ਇੱਕ ਐਪ ਬਣਾਈ ਅਤੇ ਹੁਣ ਜਾ ਕੇ 2025 ਵਿੱਚ ਸਿਡਨੀ ਦੇ ਕਾਸਲ ਹਿੱਲ ਵਿੱਚ ਇਸ ਸਕੂਲ ਦੀ ਇਕ ਮੁਖ ਜਗਾਹ ਬਣਾਈ।

ਗੁਰਬਾਣੀ ਸੰਗੀਤ ਵਿਦਿਆਲਾ, ਕਾਸਲ ਹਿੱਲ ਸਿਡਨੀ। Credit: SBS Punjabi
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।