ਸੜਕ ਹਾਦਸੇ ’ਚ ਜਾਨ ਗੁਆਉਣ ਵਾਲੇ ਬਜ਼ੁਰਗ ਨੂੰ ਭਾਈਚਾਰੇ ਵਲੋਂ ਨਮ ਅੱਖਾਂ ਨਾਲ ਅੰਤਿਮ ਵਿਦਾਈ

PARAMJIT SINGH .png

ਸ. ਪਰਮਜੀਤ ਸਿੰਘ ਦੀ ਫਾਈਲ ਫੋਟੋ।

ਬੀਤੀ 2 ਫਰਵਰੀ ਨੂੰ ਮੈਲਬਰਨ ਦੇ ਸਾਊਥ-ਈਸਟ ਇਲਾਕੇ ਵਿੱਚ ਲਿਨਬਰੂਕ ਵਿਖੇ ਸੜਕ ਹਾਦਸੇ ਦਾ ਸ਼ਿਕਾਰ ਹੋਏ ਸ. ਪਰਮਜੀਤ ਸਿੰਘ ਦਾ ਬੁੱਧਵਾਰ (5 ਫਰਵਰੀ 2025) ਨੂੰ ਅੰਤਿਮ ਸਸਕਾਰ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਅਤੇ ਸਥਾਨਕ ਭਾਈਚਾਰੇ ਵੱਲੋਂ 79 ਵਰ੍ਹਿਆਂ ਦੇ ਸ. ਪਰਮਜੀਤ ਸਿੰਘ ਨੂੰ ਨਮ ਅੱਖਾਂ ਨਾਲ ਵਿਦਾਈ ਦਿੱਤੀ ਗਈ।


ਮੂਲ ਰੂਪ ਤੋਂ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਸਨੀਕ ਪਰਮਜੀਤ ਸਿੰਘ ਆਪਣੇ ਪੁੱਤਰ ਦਿਲਪ੍ਰੀਤ ਸਿੰਘ ਦੇ ਕੋਲ ਸਾਲ 2017 ਤੋਂ ਮੈਲਬਰਨ ਦੇ ਲਿੰਡਹਰਸਟ ਸਬਅਰਬ ਵਿਖੇ ਰਹਿ ਰਹੇ ਸਨ।

ਜਾਣਕਾਰੀ ਮੁਤਾਬਿਕ ਪਰਮਜੀਤ ਸਿੰਘ ਧਾਰਮਿਕ ਬਿਰਤੀ ਵਾਲੇ ਅਤੇ ਨਿਤਨੇਮੀ ਸਨ। ਘਰ ਵਿੱਚ ਸਵੇਰੇ-ਸ਼ਾਮ ਪਾਠ ਕਰਨ ਦੇ ਨਾਲ-ਨਾਲ ਉਹ ਅਕਸਰ ਲਿਨਬਰੂਕ ਸਥਿਤ ਗੁਰਦੁਆਰਾ ਨਾਨਕਸਰ ਠਾਠ ਵਿਖੇ ਵੀ ਜਾਂਦੇ ਸਨ।

ਹਾਦਸੇ ਵਾਲੇ ਦਿਨ ਵੀ ਪਰਮਜੀਤ ਸਿੰਘ ਆਪਣੇ ਮੋਬਿਲਿਟੀ ਸਕੂਟਰ ’ਤੇ ਸਵਾਰ ਹੋ ਕੇ ਘਰ ਤੋਂ ਗੁਰੂਦੁਆਰਾ ਸਾਹਿਬ ਜਾ ਰਹੇ ਸਨ। ਗੁਰਦੁਆਰਾ ਸਾਹਿਬ ਤੋਂ ਥੋੜੀ ਦੂਰੀ ’ਤੇ ਹੀ ਸੜਕ ਪਾਰ ਕਰਨ ਵੇਲੇ ਉਹ ਇੱਕ ਕਾਰ ਦੀ ਚਪੇਟ ਵਿੱਚ ਆ ਗਏ।
ਵਿਕਟੋਰੀਆ ਪੁੁਲਿਸ ਵਲੋਂ ਸਾਂਝੀ ਕੀਤੀ ਜਾਣਕਾਰੀ ਵਿੱਚ ਦੱਸਿਆ ਗਿਆ ਕਿ 2 ਫਰਵਰੀ ਨੂੰ ਲਿਨਬਰੂਕ ਦੇ ਈਵਨਜ਼ ਰੋਡ ਅਤੇ ਡੈਂਪਰ ਵੇਅ ’ਤੇ ਦੁਪਹਿਰ ਕਰੀਬ ਇੱਕ ਵਜੇ ਹਾਦਸੇ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਬੁਲਾ ਲਈਆਂ ਗਈਆਂ ਸਨ।

ਪੁਲਿਸ ਮੁਤਾਬਿਕ ਮੋਬਿਲਿਟੀ ਸਕੂਟਰ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਚੁੱਕੀ ਸੀ ਜਦਕਿ ਕਾਰ ਸਵਾਰ ਨੂੰ ਅਗਲੀ ਕਾਰਵਾਈ ਲਈ ਹਸਪਤਾਲ ਲਿਜਾਇਆ ਗਿਆ ਸੀ।

ਪੁਲਿਸ ਨੇ ਲੋਕਾਂ ਤੋਂ ਸਹਿਯੋਗ ਮੰਗਦਿਆਂ ਇਸ ਹਾਦਸੇ ਦੀ ਕੋਈ ਵੀ ਜਾਣਕਾਰੀ ਰੱਖਣ ਵਾਲੇ ਨੂੰ 1800 333 000 ਨਾਲ ਸੰਪਰਕ ਕਰਨ ਜਾਂ ਫਿਰ www.crimestoppersvic.com.au ਉਤੇ ਆਨਲਾਈਨ ਗੁਪਤ ਰਿਪੋਰਟ ਦੇਣ ਦੀ ਅਪੀਲ ਕੀਤੀ ਹੈ।

ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਬਣਦਾ ਹੈ ਕਿ ਵਿਕਟੋਰੀਆ ਸੂਬੇ ਵਿੱਚ ਇਸ ਸਾਲ ਇਸ ਹਾਦਸੇ ਨੂੰ ਮਿਲਾ ਕੇ ਸੜਕੀ ਹਾਦਸਿਆਂ ਵਿੱਚ 37 ਲੋਕਾਂ ਦੀ ਜਾਨ ਜਾ ਚੁੱਕੀ ਹੈ।

ਸਾਡੇ ਸਾਰੇ ਪੌਡਕਾਸਟ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ।

Share