ਡਿਜਰੀਡੂ ਅਤੇ ਢੋਲ ਦੀ ਜੋੜੀ ਬਣਾਉਣ ਵਾਲੇ ਪਹਿਲੇ ਆਸਟ੍ਰੇਲੀਅਨ ਪੰਜਾਬੀ ਕਲਾਕਾਰ: ਭੁਪਿੰਦਰ ਮਿੰਟੂ

Pupinder Mintu

ਭੁਪਿੰਦਰ ਮਿੰਟੂ, ਪੰਜਾਬੀ ਗਾਇਕ ਅਤੇ ਕਲਾਕਾਰ। Credit: Foreground: WAACI. Background: Supplied

ਸਿਡਨੀ ਦੇ ਰਹਿਣ ਵਾਲੇ ਭੁਪਿੰਦਰ ਮਿੰਟੂ 1990 ਦੇ ਦਹਾਕੇ ਦੇ ਪਹਿਲੇ ਆਸਟ੍ਰੇਲੀਅਨ-ਪੰਜਾਬੀ ਗਾਇਕ ਹਨ ਜਿੰਨ੍ਹਾਂ ਨੇ ‘ਆਸਟ੍ਰੇਲੀਅਨ ਜੁਗਨੀ’ ਵਰਗੇ ਗੀਤਾਂ ਨਾਲ ਵਿਸ਼ਵ ਭਰ ਵਿੱਚ ਆਪਣੀ ਪਹਿਚਾਣ ਬਣਾਈ। ਭੁਪਿੰਦਰ ਦਾ ਸਫ਼ਰ, ਗੀਤ ਅਤੇ ਆਪਣੇ ਆਦਰਸ਼ ਬਾਲੀਵੁੱਡ ਦਿੱਗਜ ਜਗਜੀਤ ਸਿੰਘ ਨਾਲ ਗਾਉਣ ਦਾ ਸਬੱਬ ਕਿਸ ਤਰ੍ਹਾਂ ਬਣਿਆ, ਜਾਨਣ ਲਈ ਸੁਣੋ ਇਹ ਖਾਸ ਇੰਟਰਵਿਊ।


‘ਡਿਜਰੀਡੂ ਭੰਗੜਾ’ ਤੇ ‘ਆਸਟ੍ਰੇਲੀਅਨ ਜੁਗਨੀ ਵਰਗੇ ਮਕਬੂਲ ਗੀਤਾਂ ਨਾਲ ਆਪਣੀ ਆਵਾਜ਼ ਆਸਟ੍ਰੇਲੀਆ ਦੇ ਪਰਥ ਸ਼ਹਿਰ ਤੋਂ ਸਾਰੀ ਦੁਨੀਆਂ ਤੱਕ ਲੈ ਕੇ ਜਾਣ ਵਾਲੇ ਪਹਿਲੇ ਆਸਟ੍ਰੇਲੀਅਨ-ਪੰਜਾਬੀ ਗਾਇਕ ਹਨ ਭੁਪਿੰਦਰ ਮਿੰਟੂ।

ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਭੁਪਿੰਦਰ ਨੇ ਕਿਹਾ, “ਬਾਕੀ ਗਾਇਕਾਂ ਵਾਂਗ ਮੈਨੂੰ ਵੀ ਬੱਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ।”

1984 ਵਿੱਚ ਜਲੰਧਰ ਦੇ ਬੰਗਾ ਸ਼ਹਿਰ ਤੋਂ ਪਰਥ, ਆਸਟ੍ਰੇਲੀਆ ਤੱਕ ਦੇ ਸਫ਼ਰ ਵਿੱਚ ਦੇਸ਼, ਬੋਲੀ ਅਤੇ ਸੱਭਿਆਚਾਰ ਤਾਂ ਜ਼ਰੂਰ ਬਦਲਿਆ, ਪਰ ਭੁਪਿੰਦਰ ਅੰਦਰ ਸੰਗੀਤ ਪ੍ਰਤੀ ਜੋਸ਼ ਬੱਚਪਨ ਤੋਂ ਬਰਕਰਾਰ ਰਿਹਾ।

ਆਪਣੇ ਅੰਦਰ ਸੰਗੀਤ ਦੇ ਬੂਟੇ ਨੂੰ ਮਿਹਨਤ ਦਾ ਪਾਣੀ ਪਾ ਕੇ ਭੁਪਿੰਦਰ ਨੇ 1987 ਵਿੱਚ ਸ਼ੁਰੂਆਤ ਕਰਦਿਆਂ 'ਮੇਡ ਇਨ ਆਸਟ੍ਰੇਲੀਆ' ਅਤੇ 'ਭੰਗੜਾ 2000' ਨਾਲ ਅੰਤਰਾਸ਼ਟਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਪਹਿਚਾਣ ਬਣਾਈ।

“ਮੈਨੂੰ ਲੋਕ ਕਹਿੰਦੇ ਸੀ ਕੇ ਤੇਰੀ ਸੀਡੀ ਨਹੀਂ ਵਿਕਣੀ। ਪਰ ਮੈਂ ਕਿਹਾ ਮੈਂ ਵੇਚਣੀ ਹੀ ਨਹੀਂ ਕਿਉਂਕਿ ਸੰਗੀਤ ਮੇਰਾ ਜਨੂੰਨ ਹੈ,” ਉਨ੍ਹਾਂ ਕਿਹਾ।

ਭੁਪਿੰਦਰ ਨੇ ਆਪਣੇ ਗੀਤਾਂ ਵਿੱਚ ਆਸਟ੍ਰੇਲੀਆ ਦੇ ਵੱਖਰੇ-ਵੱਖਰੇ ਰੰਗ ਪੇਸ਼ ਕੀਤੇ ਜ੍ਹਿਨਾਂ ਵਿੱਚੋਂ 1996 ਵਿੱਚ ਰਿਲੀਜ਼ ਹੋਣ ਵਾਲਾ ਇੱਕ ਗੀਤ ‘ਡਿਜਰੀਡੂ ਭੰਗੜਾ’ ਵਿੱਚ ਉਨ੍ਹਾਂ ਇੱਕ ਨੌਰਥ-ਵੈਸਟਰਨ ਆਸਟ੍ਰੇਲੀਆ ਦੇ ਰਹਿਣ ਵਾਲੇ ਆਦਿਵਾਸੀ ਸੰਗੀਤਕਾਰ ਨਾਲ ਸਾਂਝੇਦਾਰੀ ਕੀਤੀ।


ਪੰਜਾਬੀ ਮਿਊਜ਼ਿਕ ਹਰ ਰੰਗ ਵਿੱਚ ਢਲ ਜਾਂਦਾ ਹੈ, ਉਹਨੂੰ ਭਾਵੇਂ ਰੈਪ ‘ਚ ਪਾ ਦਿਓ, ਪਰ ਉਸ ਦਾ ਸੁਆਦ ਉਹੀ ਰਹਿੰਦਾ ਹੈ।
ਭੁਪਿੰਦਰ ਮਿੰਟੂ
‘ਡਿਜਰੀਡੂ ਭੰਗੜਾ’ ਸਰੋਤਿਆਂ ਵਲੋਂ ਸਰਾਹਿਆ ਗਿਆ ਅਤੇ 1996 ਵਿੱਚ ‘ਐਮ ਟੀ ਵੀ’ (MTV) ਦੇ ਏਸ਼ੀਆ ਟਾਪ 10 ਵਿੱਚ ਚੌਥੇ ਸਥਾਨ ਤੱਕ ਪਹੁੰਚਿਆ।

ਇਸ ਗੀਤ ਦੀ ਵੀਡਿਉ ਇੰਡੀਅਨ-ਆਸਟ੍ਰੇਲੀਅਨ ਡਾਇਰੈਕਟਰ ਅਨੁਪਮ ਸ਼ਰਮਾ ਨੇ ਬਣਾਈ ਹੈ।

ਉਹ ਇਸ ਵੀਡਿਉ ਨੂੰ ਆਪਣਾ ਖਾਸ ਪ੍ਰੋਜੈਕਟ ਮੰਨਦੇ ਹੋਏ ਕਹਿੰਦੇ ਹਨ ਕਿ ਹੋਰ ਸੱਭਿਆਚਾਰਾਂ ਨੂੰ ਕਲਾ ਰਾਹੀਂ ਮਾਣ ਦੇਣਾ ਉਹਨਾਂ ਲਈ ਕੋਈ ਨਵੀਂ ਚੀਜ਼ ਨਹੀਂ ਸੀ।

"ਅਜਿਹੀਆਂ ਸਾਂਝੇਦਾਰੀਆਂ ਨਾਲ ਹੀ ਸੰਮਲਿਤ ਸਮਾਜ ਸਿਰਜਿਆ ਜਾਂਦਾ ਹੈ," ਉਨ੍ਹਾਂ ਕਿਹਾ।

ਭੁਪਿੰਦਰ ਮਿੰਟੂ ਨੇ ਆਪਣੇ ਸਫ਼ਰ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਬਾਰੇ ਹੋਰ ਕੀ ਕਿਹਾ ਸੁਣੋ ਇਸ ਖਾਸ ਗੱਲਬਾਤ ਰਾਹੀਂ।

Share

Recommended for you