ਨਿਊ ਸਾਊਥ ਵੇਲਜ਼ ਦੇ ਪੇਂਡੂ ਖੇਤਰ ਗ੍ਰਿਫ਼ਿਥ ਲਾਗਲੇ ਕਸਬੇ ਲੀਟਨ (Leeton) ਵਿੱਚ ਰਹਿੰਦੇ ਇੱਕ ਪੰਜਾਬੀ ਪਰਿਵਾਰ ਨੇ ਬੱਚਿਆਂ ਵਿੱਚ ਮਾਂ-ਬੋਲੀ ਪੰਜਾਬੀ ਤੇ ਅੰਗਰੇਜ਼ੀ ਵਿਚਲਾ ਸਮਤੋਲ ਬਿਠਾਉਣ ਦਾ ਸੁਨੇਹਾ ਦਿੱਤਾ ਹੈ।
ਜਗਮੋਹਨ ਸਿੰਘ 'ਮਾਵੀ' ਬਚਪਨ ਵਿੱਚ ਹੀ ਆਪਣੇ ਪਰਿਵਾਰ ਨਾਲ ਪੰਜਾਬ ਤੋਂ ਬਾਹਰ ਆ ਗਏ ਸਨ ਪਰ ਉਹ ਆਪਣੀ ਪੰਜਾਬੀ ਬੋਲੀ ਨਾਲ ਸਾਂਝ ਨੂੰ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਮੰਨਦੇ ਹਨ ਤੇ ਇਹੀ ਕਾਰਨ ਹੈ ਕਿ ਉਹ ਇਸ ਨੂੰ ਪੀੜ੍ਹੀ-ਦਰ-ਪੀੜ੍ਹੀ ਵਧਦਾ-ਫੁਲਦਾ ਵੇਖਣਾ ਚਾਹੁੰਦੇ ਹਨ।
ਮਿਸਟਰ ਸਿੰਘ ਨੇ ਆਪਣੀ ਬੇਟੀ ਗੁਰਸਾਖੀ ਕੌਰ ਦੇ ਸਕੂਲ ਵਿਚਲੇ ਪਹਿਲੇ ਦਿਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਇਹ ਇੱਕ 'ਸੁਖਦ ਅਤੇ ਖੂਬਸੂਰਤ' ਅਹਿਸਾਸ ਸੀ।
"ਸਾਡੀ ਨਿਗਾਹ ਸਿੱਧੀ ਉਸ ਬੈਨਰ ਉੱਤੇ ਪਈ ਜਿਥੇ ਪੰਜਾਬੀ ਵਿੱਚ ਲਿਖਿਆ ਸੀ - ਸਵਾਗਤ ਹੈ। ਹੋਰਾਂ ਲਈ ਇਹ ਬਹੁਤ ਆਮ ਜਿਹੀ ਗੱਲ ਹੋ ਸਕਦੀ ਹੈ ਪਰ ਸਾਡੇ ਲਈ ਇਹ ਇੱਕ ਮਾਣ ਦੀ ਗੱਲ ਸੀ - ਸਾਡੀ ਪਹਿਚਾਣ ਅਤੇ ਹੋਂਦ-ਹਸਤੀ ਸਾਡੀ ਬੋਲੀ ਨਾਲ਼ ਵੀ ਜੁੜੀ ਹੋਈ ਹੈ," ਉਨ੍ਹਾਂ ਕਿਹਾ।
ਮਿਸਟਰ ਸਿੰਘ ਨੇ ਆਪਣੇ ਪੇਂਡੂ ਖੇਤਰ ਵਿਚਲੇ ਇਲਾਕੇ ਤੋਂ ਜਾਣੂ ਕਰਵਾਉਂਦਿਆਂ ਦੱਸਿਆ ਕਿ ਲੀਟਨ ਦੀ ਕੁੱਲ ਅਬਾਦੀ 10,000 ਦੇ ਕਰੀਬ ਹੈ ਜਿਸ ਵਿੱਚ 90% ‘ਗੋਰੇ ਲੋਕ’ ਹਨ ਅਤੇ 10% ਦੂਸਰੇ ਲੋਕ ਸ਼ਾਮਿਲ ਹਨ।

Source: Supplied
"ਸਿਰਫ਼ 150 ਦੇ ਲਗਭਗ ਹੀ ਪੰਜਾਬੀ ਇਸ ਸ਼ਹਿਰ ਵਿੱਚ ਵਸਦੇ ਹਨ ਅਤੇ ਤਕਰੀਬਨ 10 ਪੰਜਾਬੀ ਬੱਚੇ ਇਸ ਸਕੂਲ ਵਿਚ ਪੜ੍ਹਦੇ ਹਨ,” ਉਨ੍ਹਾਂ ਕਿਹਾ।
ਸੋ ਇਸ ਲਿਹਾਜ ਨਾਲ਼ ਓਥੇ ਸਕੂਲ ਬਾਹਰ ਪੰਜਾਬੀ ਵਿੱਚ ਲਿਖਿਆ ਸਾਨੂੰ ਖਿੱਚ ਪਾਉਂਦਾ ਹੈ ਅਤੇ ਇਹ ਇੱਕ ਮਾਣ ਵਾਲ਼ੀ ਗੱਲ ਮਹਿਸੂਸ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਆਪਣੀ ਬੱਚੀ ਦੀ ਪੜ੍ਹਾਈ ਦੌਰਾਨ ਉਨ੍ਹਾਂ ਨੂੰ ਕਈ ਅਧਿਆਪਕਾਂ ਅਤੇ ਚਾਈਲਡ ਕੇਅਰ ਦੇ ਸਟਾਫ਼ ਨਾਲ ਮਿਲਣ ਦਾ ਮੌਕਾ ਮਿਲਿਆ।
"ਸਭ ਦੀ ਰਾਇ ਇਹੀ ਹੈ ਕਿ ਬੱਚੇ ਲਈ ਮਾਂ-ਬੋਲੀ ਸਿੱਖਣੀ ਬਹੁਤ ਜ਼ਰੂਰੀ ਹੈ। ਕਿਸੇ ਬੱਚੇ ਕੋਲ ਦੋ ਜਾਂ ਤਿੰਨ ਭਾਸ਼ਾਵਾਂ ਦਾ ਗਿਆਨ ਹੋਣਾ ਉਸ ਨੂੰ ਜ਼ਾਹਰਾ ਤੌਰ ਤੇ ਕਾਬਲ ਬਣਾਉਂਦਾ ਹੈ,” ਉਨ੍ਹਾਂ ਕਿਹਾ।
ਮਿਸਟਰ ਸਿੰਘ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਅਬੋਰਿਜਨੀ ਭਾਈਚਾਰੇ ਵਾਂਗ ਪੰਜਾਬੀ ਵੀ ਇੱਕ ਤਰ੍ਹਾਂ ਨਾਲ ਆਪਣੀ ਬੋਲੀ ਤੇ ਸੱਭਿਆਚਾਰ ਦੀ ਹੋਂਦ ਹਸਤੀ ਲਈ ਜੂਝਣ ਲਈ ਮਜਬੂਰ ਹੈ।

Source: Supplied
"ਗੁਰਸਾਖੀ ਦੀ ਸਕੂਲ ਦੀ ਪ੍ਰਿੰਸੀਪਲ ਜੋ ਮੂਲ-ਵਾਸੀਆਂ ਵਿੱਚੋਂ ਹੈ, ਦਾ ਪੰਜਾਬੀ ਬੋਲਣ ਨੂੰ ਸ਼ਾਬਾਸ਼ੇ ਦੇਣਾ ਸਾਡੇ ਲਈ ਇੱਕ ਹੌਂਸਲੇ ਵਾਲੀ ਗੱਲ ਸੀ," ਉਨ੍ਹਾਂ ਕਿਹਾ।
"ਪਰ ਇਸ ਘਟਨਾਕ੍ਰਮ ਦੇ ਚਲਦਿਆਂ ਇੱਕ ਗੰਭੀਰ ਅਹਿਸਾਸ ਨੇ ਵੀ ਸਾਰਾ ਦਿਨ ਮੈਨੂੰ ਸੋਚੀਂ ਪਾ ਰੱਖਿਆ। ਸਾਡੇ ਆਪਣੇ ਖ਼ਿੱਤੇ ਦੀ ਗੱਲ ਕਰੀਏ ਤਾਂ ਪੰਜਾਬੀ ਦੀ ਕਦਰ ਪਹਿਲਾਂ ਦੇ ਮੁਕਾਬਲਤਨ ਘਟੀ ਹੈ ਕਿਓਂਕਿ ਹੁਣ ਉਥੇ ਅੰਗਰੇਜ਼ੀ ਸਿੱਖਣ ਦੀ ਹੋੜ ਹੈ।"
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੁਝ ਸਕੂਲ ਇਹੋ ਜਿਹੇ ਵੀ ਹਨ ਜਿੱਥੇ ਪੰਜਾਬੀ ਬੋਲਣ ਉਤੇ ਜੁਰਮਾਨਾ ਹੈ ਜੋ ਕਿ ਉਨ੍ਹਾਂ ਲਈ ਬਰਦਾਸ਼ਤ ਤੋਂ ਬਾਹਰ ਦੀ ਗੱਲ ਹੈ।
"ਕੋਈ ਵੀ ਭਾਸ਼ਾ ਚੰਗੀ ਜਾਂ ਬੁਰੀ ਨਹੀਂ ਹੁੰਦੀ ਤੇ ਨਾ ਹੀ ਕੋਈ ਭਾਸ਼ਾ ਸਿੱਖਣਾ ਤੁਹਾਨੂੰ ਪਿੱਛੇ ਪਾਉਂਦਾ ਹੈ। ਸੱਚ ਤਾਂ ਇਹ ਹੈ ਕਿ ਲੋੜ ਦੀ ਭਾਸ਼ਾ ਸੁਤੇ-ਸਿੱਧ ਸਾਡੇ ਵਿੱਚ ਆ ਟਿਕਦੀ ਹੈ ਤੇ ਉਸ ਦੇ ਸ਼ਬਦ ਆਪ-ਮੁਹਾਰੇ ਸਾਡੇ ਮੂੰਹ ਚੜ੍ਹ ਬੋਲਦੇ ਹਨ ਤੇ ਅੰਗਰੇਜ਼ੀ ਇਸ ਵਰਤਾਰੇ ਤੋਂ ਵੱਖ ਨਹੀਂ।"
ਉਨ੍ਹਾਂ ਮਾਪਿਆਂ ਨੂੰ ਆਪੋ-ਆਪਣੇ ਘਰੀਂ ਬੱਚਿਆਂ ਨੂੰ ਪੰਜਾਬੀ-ਮਾਹੌਲ ਦਿੰਦਿਆਂ ਇਸਦੇ ਪ੍ਰਚਾਰ ਅਤੇ ਪਸਾਰੇ ਵਿੱਚ ਬਣਦੀ ਭੂਮਿਕਾ ਅਦਾ ਕਰਨ ਦੀ ਅਪੀਲ ਵੀ ਕੀਤੀ।
ਜਗਮੋਹਨ ਸਿੰਘ ਦੇ ਪਰਿਵਾਰ ਨੂੰ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਆਇਆਂ ਹੁਣ 20 ਸਾਲ ਤੋਂ ਵੀ ਵੱਧ ਹੋ ਚੁੱਕੇ ਹਨ ਅਤੇ ਉਨ੍ਹਾਂ ਦਾ ਪਿਛੋਕੜ ਖੇਤੀਬਾੜੀ ਨਾਲ਼ ਜੁੜਿਆ ਹੋਇਆ ਹੈ।
ਇਸ ਸਬੰਧੀ ਪੂਰੀ ਗੱਲਬਾਤ ਸੁਨਣ ਲਈ ਉੱਪਰ ਫੋਟੋ ਉੱਤੇ ਦਿੱਤੇ ਆਡੀਓ ਬਟਨ ਨੂੰ ਕ੍ਲਿਕ ਕਰੋ....
ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ।

Source: Supplied
ਐੱਸ ਬੀ ਐੱਸ ਪੰਜਾਬੀ ਦੀਆਂ ਹੋਰ ਪੇਸ਼ਕਾਰੀਆਂ: